ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੩੪





ਮੇਰੇ ਬੀਬੇ ਰਾਣੇ ਦੇਵਿੰਦਰ ਜੀ,

ਤੁਹਾਡਾ ਖ਼ਤ ਪੜ੍ਹ ਕੇ ਮੈਂ ਭਲਾ ਕਿੰਨਾ ਕੁ ਖ਼ੁਸ਼ ਹੋਈ ਹੋਵਾਂਗੀ ? ਨਹੀਂ, ਤੁਸੀਂ ਨਹੀਂ ਦੱਸ ਸਕਦੇ। ਤੁਸੀਂ ਰਾਜੀ ਖ਼ੁਸ਼ੀ ਕਲਕੱਤੇ ਪੁਜ ਗਏ ਹੋ, ਚੰਗਾ ਘਰ ਮਿਲ ਗਿਆ ਹੈ, ਗੁਆਂਢੀ ਬੜੇ ਚੰਗੇ ਨੇ ... ... ਕੋਈ ਤਕਲੀਫ਼ ਨਹੀਂ ... ... ਮੈਂ ਇਹ ਸਾਰਾ ਕੁਝ ਪੜ੍ਹ ਕੇ ਬੜੀ ਹੀ ਖ਼ੁਸ਼ ਹੋਈ ਹਾਂ।

ਤੁਸੀ ਮੈਨੂੰ ਕਿੰਨਾਂ ਬੇਵਕੂਫ਼ ਕਹੋਗੇ, ਜੇ ਮੈਂ ਤੁਹਾਨੂੰ ਲਿਖ ਦਿਆਂ,ਕਿ ਤੁਹਾਨੂੰ ਗੱਡੀ ਚੜ੍ਹਾ ਕੇ ਹੀ ਮੈਂ ਤੁਹਾਡੇ ਖ਼ਤ ਦੀ ਇੰਤਜ਼ਾਰ ਕਰਨ ਲਗ ਗਈ ਸਾਂ, ਜਦ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਕਿ ਕਲਕੱਤੇ ਪੁਜਣ ਵਿਚ ਦੋ ਰਾਤਾਂ ਤੇ ਇਕ ਦਿਨ ਲਗੇਗਾ।

ਦੇਵਿੰਦਰ ਜੀ, ਮੈਨੂੰ ਉਹ ਸਟੇਸ਼ਨ ਦਾ ਸੀਨ ਅਜੇ ਤਕ ਨਹੀਂ ਭੁਲਦਾ । ਕਿਸ ਤਰ੍ਹਾਂ ਅਸੀ ਗੱਡੀ ਚਲਣ ਤੋਂ ਪਹਿਲਾਂ ਸਟੇਸ਼ਨ ਤੇ ਟਹਿਲਦੇ ਸਾਂ। ਕਿੰਨੀਆਂ ਚੰਗੀਆਂ ਗੱਲਾਂ ਕਰ ਰਹੇ ਸਾਂ। ਸਟੇਸ਼ਨ ਦੀ ਰੌਣਕ ਦਾ ਅਸੀ ਇਕ ਸੋਹਣਾ ਹਿੱਸਾ ਬਣੇ ਹੋਏ ਸਾਂ। ਤੁਹਾਡੇ ਚਿਹਰੇ ਤੇ ਕੋਈ ਨਿਰਾਲੀ ਝਲਕ ਆਈ ਹੋਈ ਸੀ, ਪਤਾ ਨਹੀਂ ਨੌਕਰੀ ਲਗਣ ਦੀ ਖ਼ੁਸ਼ੀ ਸੀ ... ... ਜਾਂ ਮੇਰੀ ਮੌਜੂਦਗੀ ਦਾ ਅਹਿਸਾਸ, ਪਰ ਮੇਰੇ ਅੰਦਰ, ਖ਼ੁਸ਼ੀ ਤੇ ਜੁਦਾਈ ਦੇ ਗ਼ਮ ਦਾ ਇਸ ਤਰ੍ਹਾਂ ਘੋਲ ਹੋ ਰਿਹਾ ਸੀ - ਕਿ ਕਦੀ ਇਕ ਢਠ ਜਾਂਦਾ ਸੀ ਕਦੀ ਦੂਜਾ।

੧੦੩