ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/129

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖ਼ਤ ਨੰ: ੩੯

 

ਐਤਕਾਂ ਤੁਸਾਂ ਖ਼ਤ ਲਿਖਣ ਨੂੰ ਬੜੀ ਦੇਰ ਲਾਈ। ਬੇਸ਼ਕ ਤੁਹਾਨੂੰ ਕੰਮ ਵਧੀਕ ਹੈ, ਪਰ ਮੇਰੀ ਖ਼ਾਤਰ ਦਸ ਪੰਦਰਾਂ ਮਿੰਟ ਕਢਣੇ ਕੋਈ ਵੱਡੀ ਗੱਲ ਨਹੀਂ। ਦੇਖੋ, ਏਨੀ ਦੇਰ ਨਾ ਲਾਇਆ ਕਰੋ। ਮੈਂ ਉਡੀਕ ਵਿਚ ਬੜੀ ਬੇਹਾਲ ਹੋ ਜਾਂਦੀ ਹਾਂ, ਜਿਸ ਕਰ ਕੇ ਪੜ੍ਹਾਈ ਦਾ ਵੀ ਬੜਾ ਹਰਜ ਹੋ ਜਾਂਦਾ ਹੈ।

ਉਸ ਦਿਨ ਦੇ ਸੁਪਨੇ ਦੇ ਅਸਰ ਹੇਠ, ਕਲ੍ਹ ਮੈਂ ਮਨਜੀਤ ਨਾਲ ਬਾਗ ਵਿਚ ਸ਼ਾਮ ਨੂੰ ਫੇਰ ਗਈ - ਤੁਹਾਡੀ ਚਿੱਠੀ ਨਾ ਆਉਣ ਕਰ ਕੇ ਦਿਲ ਉਦਾਸ ਜਿਹਾ ਸੀ। ਸੋਹਣੇ ਸੋਹਣੇ ਫੁੱਲ ਦੇਖੇ, ਚੁਣ ਚੁਣ ਕੇ ਤੋੜੇ ਤੇ ਰੁਮਾਲ ਵਿਚ ਬੰਨ੍ਹ ਕੇ ਘਰ ਆਈ। ਸੱਧਰਾਂ ਨਾਲ ਹਾਰ ਪਰੋਇਆ, ਜਦੋਂ ਅਖ਼ੀਰਲੀ ਗੰਢ ਦਿੱਤੀ ਤਾਂ ਅੱਖਾਂ ਭਰ ਆਈਆਂ। ਉਂਗਲਾਂ ਥਿੜਕ ਗਈਆਂ, ਹਾਰ ਹੇਠਾਂ ਡਿਗ ਪਿਆ - ਪਾਂਦੀ ਕਿਸ ਦੇ ਗਲ ਵਿਚ? ... ... ਕੋਈ ਝੁਣਝਣੀ ਜਿਹੀ ਆਈ, ਮੈਂ ਖਲੋ ਨਾ ਸਕੀ ਤੇ ਮੰਜੇ ਤੇ ਲੇਟ ਗਈ। ਗਮ ਵਿਚ ਡੁੱਬੀ ਹੋਈ ਕਿੰਨਾ ਚਿਰ ਹੀ ਮਦਹੋਸ਼ ਰਹੀ।

ਦੇਵਿੰਦਰ ਜੀ, ਤੁਸੀ ਜਾਣ ਨਹੀਂ ਸਕਦੇ ਕਿ ਤੁਹਾਡੇ ਮਿਲਣ ਨੂੰ ਮੇਰਾ ਕਿੰਨਾ ਦਿਲ ਕਰਦਾ ਹੈ। ਵਿਛੜਿਆਂ ਤਾਂ ਭਾਵੇਂ ਬਹੁਤੀ ਦੇਰ ਨਹੀਂ ਹੋਈ, ਪਰ ਮਲੂਮ ਇਉਂ ਹੁੰਦਾ ਹੈ, ਕਿ ਸਦੀਆਂ ਹੀ ਬੀਤ ਗਈਆਂ ਨੇ। ਜੀ ਕਰਦਾ ਹੈ ਕਿ ਕਿਸੇ ਪੰਛੀ ਦੇ ਪਰਾਂ ਤੇ ਬੈਠ ਕੇ ਤੁਹਾਡੇ ਕੋਲ ਪੁਜ ਜਾਵਾਂ, ਮੈਂ ਫੇਰ ਵਖ ਨਹੀਂ ਹੋਵਾਂਗੀ, ਕਿਉਂਕਿ ਮੇਰੀ ਦੁਨੀਆ ਤੇ ਤੁਹਾਡੇ ਹੀ ਦਵਾਲੇ ਹੈ।

૧૧૫