ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹਰ ਚੀਜ਼ ਤੇ ਨਿਖਾਰ ਹੁੰਦਾ ਹੈ - ਸੁਹੱਪਣ ਹੁੰਦਾ ਹੈ - ਪਰ ਜਿਉਂ ਜਿਉਂ ਸ਼ਾਮਾਂ ਢਲਦੀਆਂ ਨੇ, ਮੇਰੇ ਜੀਵਨ ਉਮੀਦਾਂ ਦਾ ਫੁੱਲ ਵੀ ਬੰਦ ਹੋਣਾ ਜਾਂ ਨਿਢਾਲ ਹੋਣਾ ਸ਼ੁਰੂ ਹੋ ਜਾਂਦਾ ਹੈ।

ਕਈ ਵਾਰੀ ਮੇਰੇ ਦਿਲ ਵਿਚ ਜਦੋਂ ਤੁਹਾਡੇ ਧੁੰਧਲੇਪਨ ਦਾ ਖ਼ਿਆਲ ਆਉਂਦਾ ਹੈ, ... ... ਜਿਹੜਾ ਮੇਰੀ ਰੌਸ਼ਨੀ ਨੂੰ ਵੀ ਮਧਮ ਕਰ ਦੇਂਦਾ ਹੈ, ... ... ਤਾਂ ਇਹ ਜੁਦਾਈ ਦੇ ਬੱਦਲ ਜਿਹੜੇ ਤੁਹਾਡੇ ਤੇ ਮੇਰੇ ਵਿਚਕਾਰ ਫੈਲ ਜਾਂਦੇ ਨੇ ਸਾਡੇ ਦਿਲਾਂ ਦੇ ਆਰਾਮ ਨੂੰ ਤਬਾਹ ਕਰ ਦੇਂਦੇ ਹਨ। ਪਰ ਜੇ ਤੁਸੀਂ ਬਹੁਤੀ ਅਨ-ਗਹਿਲੀ ਨਾ ਕਰੋ, ਤਾਂ ਇਨ੍ਹਾਂ ਬਦਲਾਂ ਵਿਚੋਂ ਮੇਰੀਆਂ ਰੀਝਾਂ ਦਾ ਸੂਰਜ ਫਟ ਕੇ ਬਾਹਰ ਨਿਕਲ ਆਏ।

ਦੇਵਿੰਦਰ, ਅਸੀ ਦੋਵੇਂ ਦੂਰ ਹੀ ਦੁਰ ਪਏ ਟਿਮਟਮਾਂਦੇ ਹਾਂ ... ... ਦੂਰ ਬੈਠੀ ਮੈਂ ਕਈ ਵਾਰੀ ਅੱਥਰੂ ਬਹਾਦੀ ਹਾਂ। ਕੀ ਮਹੱਬਤ ਏਸ ਲਈ ਪੈਦਾ ਹੁੰਦੀ ਹੈ ਕਿ ਉਸ ਦੀ ਸੁਚੀ ਰੌਸ਼ਨੀ ਜੁਦਾਈ ਦੇ ਹਨੇਰੇ ਵਿਚ ਭਟਕਦੀ ਫਿਰੇ ? ਨਹੀਂ,ਇਹ ਇਸ ਲਈ ਸੀਨਿਆਂ ਵਿਚ ਚਮਕਦੀ ਹੈ ਕਿ ਇਸ ਦੀਆਂ ਨਾਜ਼ਕ ਕਿਰਨਾਂ ਮਿਲ ਕੇ ਦੁਨੀਆਂ ਦੇ ਜ਼ੁਲਮਾਂ ਨੂੰ ਆਪਣੇ ਅਸਮਾਨੀ ਨੂਰ ਨਾਲ ਰੌਸ਼ਨ ਕਰ ਦੇਣ। ਪਿਆਰ ਬਿਨਾਂ, ਦੁਨੀਆ ਬਾਵਜੂਦ ਆਪਣੇ ਰੌਣਕੀ ਸ਼ਹਿਰਾਂ ਦੇ ਸੁੰਨੀ ਨਜ਼ਰ ਆਵੇਗੀ।

ਰਾਤੀਂ ਬੜੇ ਖ਼ਿਆਲ ਆਏ, ਆਉਂਦੇ ਹੀ ਰਹਿੰਦੇ ਨੇ ... ... ਜਿਨ੍ਹਾਂ ਦੀ ਯਾਦ ਵਿਚ ਸੁਆਦ ਤੇ ਬੜਾ ਆਉਂਦਾ ਹੈ ਪਰ ਆਖ਼ਿਰ ਮਾਯੂਸ ਹੋ ਕੇ ਹੀ ਸੌਣਾ ਪੈਂਦਾ ਹੈ।

ਚੰਗਾ!ਹੁਣ ਦਸੋ, ਗੱਸੇ ਤੇ ਨਹੀਂ ਨਾ ? ਮੈਨੂੰ ਪਤਾ ਨਹੀਂ ਲਗਦਾ, ਤੁਹਾਡੇ ਦਿਲ ਵਿਚ ਕਿਉਂ ਫ਼ਰਕ ਆਉਂਦਾ ਜਾਂਦਾ ਹੈ। ਜਾਂ ਇਹ ਸ਼ਾਇਦ ਮੇਰਾ ਹੀ ਵਹਿਮ ਹੈ। ਪਰ ਇਸ ਦਾ ਤੇ ਸੌਖਾ ਇਲਾਜ ਹੈ। ਇਹੋ ... ... ਕਿ ਤੁਸੀ ਖ਼ਤ ਛੇਤੀ ਪਾ ਦਿਆ ਕਰੋ। ਕਮਲਾ ਦਾ ਕੀ ਹਾਲ ਹੈ ? ਹੋਰ ਕੋਈ ਨਵੀਂ ਗੱਲ ?

ਸਦਾ ਲਈ ਤੁਹਾਡੀ ... ... ...

139