ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੫

ਮੇਰੇ ਸਭ ਤੋਂ ਨੇੜੇ ਦੇਵਿੰਦਰ ਜੀ,

"ਵਡੇ ਦਿਨਾਂ ਦੀਆਂ ਛੁੱਟੀਆਂ ਮਗਰੋਂ ਕੰਮ ਕਾਫ਼ੀ ਜਮਾਂ ਹੋਣ ਕਰ ਕੇ ਮੈਂ ਤੁਹਾਨੂੰ ਖ਼ਤ ਨਹੀਂ ਲਿਖ ਸਕਿਆ।" ਤੁਹਾਡੇ ਖ਼ਤ ਵਿਚੋਂ ਮੈਨੂੰ ਇਹ ਲਫਜ਼ ਪੜ ਕੇ ਕੁਝ ਤਸੱਲੀ ਹੋ ਗਈ ਹੈ, ਕਿ ਤੁਸੀ ਮੈਨੂੰ ਭੁਲੇ ਨਹੀਂ। ਪਰ ਦੇਵਿੰਦਰ ਜੀ, ਜੋ ਇੰਨੇ ਦਿਨ ਮਗਰੋਂ ਖ਼ਤ ਲਿਖਿਆ ਸੀ, ਤਾਂ ਕੁਝ ਵਧੀਕ ਸੁਆਦਲਾ ਤੇ ਲਿਖਦੇ, ਤਾਂ ਜੋ ਮੇਰੇ ਤੜਪਦੇ ਦਿਲ ਨੂੰ ਵਧੇਰੇ ਢਾਰਸ ਆ ਜਾਂਦੀ। ਖੈਰ ਮੇਰੇ ਲਈ ਇਹ ਕਾਫ਼ੀ ਹੈ ਕਿ ਤੁਸੀਂ ਖ਼ਤ ਤੇ ਲਿਖ ਦਿੱਤਾ ਹੈ। ਬੜੀ ਮਿਹਰਬਾਨੀ।

ਅਸਲ ਵਿਚ ਕਿਸੇ ਨੂੰ ਕਿਸੇ ਦੇ ਦਿਲ ਦਾ ਕੀ ਪਤਾ ਲਗ ਸਕਦਾ ਹੈ ? ਤੇ ਖ਼ਾਸ ਕਰ, ਜਿਸ ਤਰ੍ਹਾਂ ਮੈਂ ਪਿਛੇ ਲਿਖਿਆ ਸੀ, ਔਰਤਾਂ ਦੇ ਦਿਲ ਦਾ ਆਦਮੀ ਅੰਦਾਜ਼ਾ ਨਹੀਂ ਲਗਾ ਸਕਦੇ। ਹਾਂ, ਜੇ ਤੁਸੀ ਔਰਤਾਂ ਦੇ ਭੇਸ ਵਿਚ ਕਦੀ ਆਪਣੇ ਆਪ ਨੂੰ ਔਰਤਾਂ ਵਿਚ ਸ਼ਾਮਲ ਕਰੋ ਤਾਂ ਹੋ ਸਕਦਾ ਹੈ, ਕਈਆਂ ਔਰਤਾਂ ਦੇ ਦਿਲ ਦਾ ਤੁਹਾਨੂੰ ਪਤਾ ਲਗ ਜਾਏ।

ਕਈ ਅਜੀਬ ਜਿਹੀਆਂ ਰੀਝਾਂ ਮੇਰੇ ਦਿਲ ਵਿਚ ਤੁਹਾਡੇ ਲਈ ਉਠਦੀਆਂ ਨੇ। ਇਹ ਕਦੀ ਪੂਰੀਆਂ ਵੀ ਹੋਣਗੀਆਂ ? ਅਜ ਲਿਖਣ ਨੂੰ ਤੇ ਬੜਾ ਦਿਲ ਕਰਦਾ ਹੈ, ਪਰ ਕਲ੍ਹ ਦਾ ਕੁਝ ਬੁਖ਼ਾਰ ਜਿਹਾ ਹੋਣ ਕਰ ਕੇ, ਥਕੇਵਾਂ ਮਹਿਸੂਸ ਕਰ ਰਹੀ ਹਾਂ। ਸੋ ਖਿਮਾਂ ਮੰਗਦੀ ਹਾਂ।

ਤੁਹਾਡੀ..............

੧੪੫