ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/220

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੁਹੱਪਣ ਤੇ ਹੁੰਦਾ,ਮੇਰਾ ਹੁਕਮ ਪਾਲਨ ਲਈ ਹਰ ਵੇਲੇ ਫਰਿਸ਼ਤੇ ਹਾਜ਼ਰਹੁੰਦੇ, ਤਾਂ ਵੀ ਮੈਨੂੰ ਏਨੀ ਖ਼ੁਸ਼ੀ ਨਹੀਂ ਸੀ ਹੋਣੀ, ਜਿੰਨੀ ਤੁਹਾਡਾ ਇਹ ਖਤ ਪੜ੍ਹ ਕੇ ਤੇ ਭਵਿਸ਼ਤ ਦੇ ਇਹੋ ਜਿਹੇ ਸੁੰਦਰ ਪ੍ਰੋਗਰਾਮ ਨੂੰ ਪੜ੍ਹ ਕੇ ਹੋਈ ਸੀ।

ਹੁਣ ਇਸ ਦਾ ਖ਼ਿਆਲ ਕਰ ਕਰ ਕੇ ਕਦੀ ਚੀਸ ਜਿਹੀ ਤੇ ਜ਼ਰੂਰ ਉਠਦੀ ਹੈ, ਪਰ ਮੈਂ ਅਜੇ ਵੀ ਦੁਨੀਆ ਵਿਚ ਉਹੋ ਕੁਝ ਕਰਨ ਦੇ ਸੁਪਨੇ ਲੈ ਰਹੀ ਹਾਂ, ਜਿਨ੍ਹਾਂ ਨੂੰ ਤੁਸਾਂ ਹੁਣ ਖ਼ੁਦਗ਼ਰਜ਼ ਪਿਆਰ ਵਿਚ ਬਦਲ ਕੇ ਆਪਣੇ ਪਿਆਰ ਦਾ ਰੁਖ ਹੀ ਮੋੜ ਲਿਆ ਹੈ। ਮੈਂ ਤੁਹਾਡੇ ਕੋਲੋਂ ਧੋਖਾ ਖਾਧਾ ਹੈ, ਫਿਰ ਵੀ ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸਾਂ ਮੇਰੇ ਅੰਦਰ ਇਕ ਉਹ ਸਪਿਰਟ ਭਰ ਦਿੱਤੀ ਹੈ, ਜਿਸ ਨਾਲ ਮੈਂ ਆਪਣੇ ਜੀਵਨ ਨੂੰ ਸ਼ਾਇਦ ਉਸ ਚੋਟੀ ਤੇ ਲੈ ਜਾਵਾਂ ਜਿਥੇ ਖਲੋ ਕੇ ਸਾਰੀ ਦੁਨੀਆ ਮੈਨੂੰ ਚਮਕੀਲੀ ਲਗਿਆ ਕਰੇਗੀ। ਉਦੋਂ ਜਦੋਂ ਤੁਸੀਂ ਘਰੋਗੀ ਕੰਮਾਂ ਧੰਦਿਆਂ ਵਿਚ ਫਸੇ ਹੋਏ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਝਗੜਦੇ ਹੋਏ, ਆਪਣੇ ਜੀਵਨ ਦੇ ਦਿਨ - ਕਟ ਰਹੇ ਹੋਵੋਗੇ ... ... ਮੈਂ ਕਈਆਂ ਰੂਹਾਂ ਨੂੰ ਤਸੱਲੀ ਦੇ ਰਹੀ ਹੋਵਾਂਗੀ; ਕਈਆਂ ਦਾ ਦਰਦ ਵੰਡਾ ਰਹੀ ਹੋਵਾਂਗੀ; ਕਈਆਂ ਦੀਆਂ ਬਾਹਵਾਂ ਖਿਚ ਕੇ ਉਹਨਾਂ ਨੂੰ ਚਿੱਕੜ ਤੋਂ ਬਾਹਰ ਖਿਚ ਰਹੀ ਹੋਵਾਂਗੀ — ਤੇ ਅਨੇਕਾਂ ਨੂੰ ਆਪਣਾ ਸੁਚਾ ਪਿਆਰ ਦੇ ਕੇ ਉਹਨਾਂ ਦਾ ਜੀਵਨ ਲਿਸ਼ਕਾ ਰਹੀ ਹੋਵਾਂਗੀ। ਜੇ ਕੱਲੀ ਨਾ ਕਰ ਸਕੀ ਤਾਂ ਆਪਣਾ ਸਾਥੀ ਚੁਣਾਂਗੀ। ਹਾਂ, ਬੜੀ ਸੋਚ ਤੇ ਸਮਝ ਵਿਚਾਰ ਮਗਰੋਂ, ਪਰ ਤੁਹਾਡੇ ਵਰਗਾ ਨਹੀਂ। ਫੇਰ ਅਸੀ ਦੋਵੇਂ ਦੁਨੀਆ ਦੇ ਨਾਲ ਕਦਮ ਮਿਲਾਂਦੇ ਹੋਏ, ਸੱਜੇ ਖੱਬੇ ਸੇਵਾ-ਭਾਵ ਹਮਦਰਦੀ, ਪ੍ਰੀਤ ਤੇ ਵਫਾ ਦੇ ਬੀਜ ਖਿਲਾਰਦੇ ਜਾਵਾਂਗੇ। ਜਿਨ੍ਹਾਂ ਤੋਂ ਕਦੀ ਉਹ ਬੂਟੇ ਉਗਣਗੇ, ਜਿਨਾਂ ਦੀ ਖ਼ੁਸ਼ਬੋ ਸੁੰਘ ਕੇ ਕਈਆਂ ਦੇ ਜੀਵਨ ਮਿੱਠੇ ਤੇ ਸੋਹਣੇ ਬਣ ਜਾਣਗੇ। ਦੇਵਿੰਦਰ ਜੀ, ਉਦੋਂ ਤੁਸੀਂ ਮੈਨੂੰ ਫਿਰ ਯਾਦ ਆਇਆ ਕਰੋਗੇ।

ਤੁਹਾਡੀ ... ... ......