ਖ਼ਤ ਨੰ: ੩
ਪਿਆਰੇ...............
ਬੇਸ਼ਕ ਤੁਸੀ ਮੈਨੂੰ ਯਕੀਨ ਦਿਵਾ ਰਹੇ ਹੋ, ਕਿ ਤੁਸੀ ਇਸ ਭੇਦ ਨੂੰ ਜਾਨ ਤੋਂ ਵੀ ਪਿਆਰਾ ਰਖੋਗੇ। ਤੁਹਾਡੇ ਹਰ ਲਫ਼ਜ਼ ਚੋਂ ਡੂੰਘੇ ਪਿਆਰ ਤੇ ਵਫਾ ਦੀ ਖ਼ੁਸ਼ਬੋ ਵੀ ਆਉਂਦੀ ਹੈ। ਮੈਂ ਵੀ ਆਪਣੇ ਦਿਲ ਵਿਚ ਕਦੀ ਕਦੀ ਅਜੀਬ ਜਿਹੀ ਬੇ-ਚੈਨੀ ਤੇ ਪਰੇਸ਼ਾਨੀ ਮਹਿਸੂਸ ਕਰਦੀ ਹਾਂ ਜਿਹੜੀ ਕਈ ਵਾਰੀ ਬੜੀ ਤੇਜ਼ ਹੋ ਜਾਂਦੀ ਹੈ, ਤੇ ਮੈਨੂੰ ਪਤਾ ਵੀ ਨਹੀਂ ਲਗਦਾ ਕਿ ਇਹ ਕੀ ਚੀਜ਼ ਹੈ, ਤੇ ਏਸ ਤਰ੍ਹਾਂ ਕਿਉਂ ਹੁੰਦਾ ਹੈ। ਡੂੰਘਾ ਸੋਚਣ ਤੇ ਵੀ ਕਿਸੇ ਤੈਹ ਤੇ ਨਹੀਂ ਪੁਜ ਸਕਦੀ।ਹਾਂ ਕਿਸੇ ਵੇਲੇ ਇਹ ਕਿਸੇ ਆਉਣ ਵਾਲੇ ਖ਼ਤਰੇ ਦੀ ਨਿਸ਼ਾਨੀ ਜਿਹੀ ਲਗਦੀ ਹੈ, ਜਿਸ ਤੋਂ ਮੈਨੂੰ ਡਰ ਆ ਜਾਂਦਾ ਹੈ। ਰਬ ਨਾ ਕਰੇ, ਕੋਈ ਇਹੋ ਜਿਹੀ ਗਲ ਹੋਵੇ। ਪਰ ਜਦੋਂ ਬਿਨਾਂ ਕਾਰਨ ਇਹੋ ਜਿਹੀ ਕੋਈ ਗਲ ਦਿਲ ਵਿਚ ਪੈਦਾ ਹੋ ਰਹੀ ਹੈ, ਤਾਂ ਕਿਸ ਤਰ੍ਹਾਂ ਕਹਾਂ ਕਿ ਭਵਿਸ਼ਤ ਵਿਚ ਕੋਈ ਖ਼ਤਰਾ ਨਹੀਂ।
ਜੋ ਕੁਝ ਮੈਂ ਲਿਖ ਰਹੀ ਹਾਂ, ਮੈਨੂੰ ਪਤਾ ਨਹੀਂ ਇਨ੍ਹਾਂ ਗੱਲਾਂ ਦਾ ਤੁਹਾਡੇ ਤੇ ਕੀ ਅਸਰ ਹੋਣਾ ਹੈ। ਹੋ ਸਕਦਾ ਹੈ ਮੇਰੇ ਜਜ਼ਬਾਤਾਂ ਨਾਲ ਤੁਹਾਨੂੰ ਉਸੇ ਤਰ੍ਹਾਂ ਕਦਰ ਹੋਵੇ, ਜਿਸ ਤਰ੍ਹਾਂ ਹਵਾ ਨੂੰ ਸਮੁੰਦਰ ਨਾਲ। ਹਵਾ ਮੇਰੇ ਜੋਸ਼ ਤੇ ਖ਼ਿਆਲਾਂ ਨੂੰ ਖੂਬ ਉਚਾ ਚੁਕ ਕੇ ਲੈ ਜਾਂਦੀ ਹੈ। ਸਮੁੰਦਰ ਮੇਰੇ ਅੰਦਰ ਆਉਣ ਵਾਲੇ ਅਣ-ਡਿੱਠੇ ਗ਼ਮਾਂ ਦਾ ਹੜ ਲੈ ਆਉਂਦਾ ਹੈ। ਪਰ ਦੋਵੇਂ ...... ਇਹ ਹਵਾ ਤੇ ਸਮੁੰਦਰ, ਮੇਰੇ ਦਿਲ ਉੱਤੇ ਹੋਏ ਅਸਰ ਤੋਂ ਬੇ-ਖ਼ਬਰ ਹਨ।
੭