ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੬

ਮੇਰੇ ਬੀਬੇ ਦੇਵਿੰਦਰ,

ਸਚ ਮੁਚ ਤੁਸੀਂ ਕਿੰਨੇ ਚੰਗੇ ਓ ਜੋ ਮੇਰੀ ਗੱਲ ਦਾ ਗੁੱਸਾ ਨਹੀਂ ਕੀਤਾ। ਸਗੋਂ ਦੁਬਾਰਾ ਆਪਣੇ ਫੈਸਲੇ ਤੇ ਪੱਕੇ ਰਹਿਣ ਲਈ ਜੋ ਤੁਸਾਂ ਲਫ਼ਜ਼ ਲਿਖੇ ਨੇ, ਮੈਨੂੰ ਉਨ੍ਹਾਂ ਤੇ ਬੜਾ ਪਿਆਰ ਆਉਂਦਾ ਹੈ, ਬੜੀ ਰੀਝ ਆਉਂਦੀ ਹੈ। ਕਾਸ਼! ਕਦੀ ਮੇਰੇ ਲਫ਼ਜ਼ਾਂ ਵਿਚ ਵੀ ਇੰਨੀ ਤਾਕਤ ਭਰ ਜਾਏ।

ਤੁਹਾਡੇ ਲਫ਼ਜ਼ਾਂ ਨੇ ਮੇਰੇ ਦਿਲ ਨੂੰ ਹੋਰ ਵੀ ਹਿਲਾ ਦਿੱਤਾ ਹੈ। ਇਸ ਤੋਂ ਪਹਿਲੋਂ ਮੈਨੂੰ ਠੀਕ ਪਤਾ ਨਹੀਂ ਸੀ ਕਿ ਪਿਆਰ ਕੀ ਚੀਜ਼ ਹੈ। ਮੇਰਾ ਦਿਮਾਗ਼ ਹਨੇਰੇ ਵਿਚ ਸੀ। ਇਥੋਂ ਤਕ ਕਿ ਮੈਂ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਾਂ ਸਮਝ ਸਕਦੀ। [ਹੁਣ ਵੀ ਪੂਰੀ ਤਰ੍ਹਾਂ ਨਹੀਂ] ਜਦੋਂ ਤੋਂ ਇਸ ਹਨੇਰੇ ਦਿਮਾਗ਼ ਵਿਚ ਪਿਆਰ ਦੀ ਰੋਸ਼ਨੀ ਦਾਖ਼ਲ ਹੋਈ ਹੈ, ਓਦੋਂ ਤੋਂ ਇਹ ਜਗਮਗਾ ਉਠਿਆ ਹੈ। ਇਸ ਤੋਂ ਪਹਿਲਾਂ ਮੈਨੂੰ ਇਹਸਾਸ ਸੀ ਕਿ ਮੈਂ ਇਸ ਜ਼ਿੰਦਗੀ ਦੇ ਸਹਿਰਾ ਵਿਚ ਇਕੱਲੀ ਹੀ ਹਾਂ, ਜਿਹੜੀ ਦੂਸਰਿਆਂ ਨੂੰ ਪਛਾਨਣਾ ਨਹੀਂ ਚਾਹੁੰਦੀ, ਨਹੀਂ ਸਚ, ਪਛਾਣ ਹੀ ਨਹੀਂ ਸਕਦੀ। ਮੈਂ ਆਪਣੇ ਦਿਲ ਦੀਆਂ ਡੂੰਘਾਈਆਂ ਵਿਚ, ਖ਼ੁਸ਼ੀ ਤੇ ਸੁਆਦ ਨਾਲ ਭਰਿਆ ਹੋਇਆ ਸਮੁੰਦਰ ਦਾ ਪਾਣੀ ਪੀ ਰਹੀ ਹਾਂ, ਜਿਹੜਾ ਜੇ ਕਦੀ ਸਾਰੇ ਗਮਗੀਨ ਦਿਲਾਂ ਨੂੰ ਵੰਡਿਆ ਜਾਏ, ਤਾਂ ਮੁਰਝਾਏ ਹੋਏ ਚਿਹਰੇ ਨਵੇਂ ਸਿਰਿਓਂ ਖਿੜ ਪੈਣ। ਮੈਂ ਮੌਜ, ਬਹਾਰ ਤੇ ਖ਼ੁਸ਼ੀ ਦਾ ਨਾਂ ਸੁਣਿਆਂ ਕਰਦੀ ਸਾਂ। ਪਰ ਆਮ ਲੋਕਾਂ ਦੀਆਂ ਗਲਾਂ ਤੋਂ ਇਸ ਦਾ ਇਹ ਮਤਲਬ ਸਮਝਦੀ

੧੫