ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਖ਼ਿਰ ਤੁਸੀ ਦਰਵਾਜ਼ੇ ਵਲ ਚਲ ਪਏ। ਮੈਂ ਦਰਵਾਜ਼ੇ ਤਕ ਛਡਣ ਗਈ। ਉਸੇ ਤਰ੍ਹਾਂ ਤੁਹਾਡੀ ਫੇਰ ਪਿੱਠ ਦੇਖਦੀ ਰਹੀ। ਪੌੜੀਆਂ ਉਤਰਨ ਲੱਗਿਆਂ ਤੁਸਾਂ ਮੇਰੇ ਵਲ ਫੇਰ ਇਕ ਵਾਰੀ ਦੇਖਿਆ, ਤੇ ਪੌੜੀਆਂ ਉਤਰਦੇ ਉਹੋ .. ਆਵਾਜ਼ ਹੌਲੀ ਹੌਲੀ ਮਧਮ ਹੋ ਕੇ ਅਲੋਪ ਹੋ ਗਈ। ... ... ...।

ਸਵੇਰੇ ਉਠੀ, ਅੱਖਾਂ ਮਲੀਆਂ, ਸੋਚਣ ਲਗੀ ... .... "ਇਹ ਸੁਪਨਾ ਸੀ, ਕਿ ਅਸਲੀਅਤ? ਕਿਤੇ ਦੇਵਿੰਦਰ ਜੀ ਸਚ ਮੁਚ ਹੀ ਨਾ ਆਏ ਹੋਣ?" ਅਜੇ ਤਕ ਨਹੀਂ ਯਕੀਨ ਆ ਰਿਹਾ - ਇਹ ਕੀ ਸੀ। ਪਰ ਮੈਨੂੰ ਪਤਾ ਤੇ ਹੈ ਕਿ ਇਹ ਸੁਪਨੇ ਬਿਨਾਂ ਹੋਰ ਕੀ ਹੋ ਸਕਦਾ ਹੈ।

ਦੇਵਿੰਦਰ ਜੀ ਕਈ ਲੋਕੀ, ਪਿਆਰ ਕਰਨ ਵਾਲਿਆਂ ਨੂੰ ਬੇਵਕੂਫ ਕਹਿੰਦੇ ਨੇ। ਠੀਕ ਹੈ। ਜਿਹੜੇ ਦਿਲ ਇਸੇ ਤਰ੍ਹਾਂ ਡੂੰਘੇ ਪਿਆਰ ਵਿਚ ਭਰੇ ਹੋਏ ਦੁਨੀਆਂ ਦੇ ਅਨੁਮਾਨ ਨਾਲੋਂ ਵਧੇਰੇ ਧੜਕਦੇ ਨੇ, ਉਹ ਬੇਵਕੂਫ ਸਮਝੇ ਜਾਂਦੇ ਨੇ। ਮੇਰਾ ਦਿਲ ਵੀ ਓਸੇ ਗਿਣਤੀ ਵਿਚ ਹੈ। ਪਰ ਤਾਂ ਵੀ ਮੈਂ ਇਸ ਦੀ ਬੇਵਕੂਫੀ ਤੋਂ ਇਕ ਕਿਣਕਾ ਭਰ ਵੀ ਜੁਦਾ ਨਹੀਂ ਹੋਣਾ ਚਾਹੁੰਦੀ। ਇਹ ਬੇਵਕੂਫੀ ... ... ਮੈਨੂੰ ਸਾਰੀਆਂ ਸਿਆਣਪਾਂ ਨਾਲੋਂ ਚੰਗੀ ਲਗਦੀ ਹੈ। ਜੇ ਤੁਹਾਨੂੰ ਪਿਆਰ ਕਰਨਾ ਬੇਵਕੂਫੀ ਹੈ, ਤਾਂ ਮੈਨੂੰ ਇਸ ਦੀ ਪਰਵਾਹ ਨਹੀਂ।

ਦੇਵਿੰਦਰ ਜੀ, ਤੁਹਾਡੇ ਪਿਆਰ ਦਾ ਖਿਆਲ ਹੀ ਮੈਨੂੰ ਇਸ ਜੀਵਨ ਚੋਂ ਬਹੁਤ ਉੱਚਾ ਲੈ ਜਾਂਦਾ ਹੈ। ਮੈਂ ਸੋਚਦੀ ਹਾਂ, ਕਿ ਔਰਤਾਂ ਦੇ ਮੁਰਝਾਏ ਹੋਏ ਚਿਹਰੇ, ਜਿਹੜੇ ਮਹੀਨਿਆਂ ਤੇ ਸਾਲਾਂ ਬਧੀ ਇਕ ਸੁਚੀ ਮੁਸਕਰਾਹਟ ਨੂੰ ਵੇਖਣ ਦੇ ਬਦਲੇ ਗ਼ਮਗੀਨ ਰਹਿੰਦੇ ਹਨ, ਪਿਆਰ ਨਾਲ ਕਿਨੇ ਚਮਕ ਸਕਦੇ ਹਨ, ਜਿਸ ਨਾਲ ਦੁਨੀਆਂ ਦੀ ਖੂਬਸੂਰਤੀ ਵਧ ਜਾਂਦੀ ਹੈ। ਤੁਸੀ ਕਹੋਗੇ, ਕੌਣ ਹੈ ਮੁਜਰਮ ਇਸ ਦਾ? ਕਈ ਲੋਕ ਸਮਝਦੇ ਨੇ ਕਿ ਇਖ਼ਲਾਕੀ (moral) ਗੁਨਾਹ ਕੋਈ ਗੁਨਾਹ ਨਹੀਂ। ਇਸ ਲਈ ਪਿਆਰ ਦੇ ਰਿਸ਼ਤੇ ਵਿਚ ਉਹ ਆਪਣਾ ਫ਼ਰਜ਼ ਨਹੀਂ ਪਹਿਚਾਨਦੇ। ਪਰ ਜਕੜੇ ਹੋਏ ਮਜਬੂਰਨ ਪਿਆਰ ਵਿਚ ਵੀ ਬਹੁਤੀ ਲਿਸ਼ਕ ਨਹੀਂ ਰਹਿੰਦੀ। ਇਸ

੫੬