ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/71

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੋਣ ਦੀ ਕੋਈ ਲੋੜ ਨਹੀਂ, ਔਰਤ ਦਾ ਦਿਲ ਹੀ ਏਸੇ ਤਰ੍ਹਾਂ ਦਾ ਹੁੰਦਾ ਹੈ। ਪ੍ਰੇਮਿਕਾ ਕਦੇ ਆਪਣੇ ਪ੍ਰੀਤਮ ਨੂੰ ਨਹੀਂ ਦਸ ਸਕਦੀ ਕਿ ਉਹ ਉਸ ਨੂੰ ਕਿੰਨਾ ਕੁ ਪਿਆਰ ਕਰਦੀ ਹੈ। ਪਰ ਕਈਆਂ ਆਦਮੀਆਂ ਦਾ ਪਿਆਰ ਓਦੋਂ ਰਮਕਦਾ ਹੈ, ਜਦੋਂ ਉਨ੍ਹਾਂ ਨੂੰ ਬੇ-ਪਰਵਾਹੀ ਤੇ ਬੇ-ਰੁਖੀ ਦੱਸੀ ਜਾਏ, ਤੇ ਉਦੋਂ ਉਹ ਬਿਨ ਮੰਗੇ ਵੀ ਆਪਣੀ ਪ੍ਰੀਤਮਾ ਨੂੰ ਪਿਆਰ ਕਰਦੇ ਨੇ। ਇਹ ਗੱਲ ਔਰਤ ਦੇ ਦਿਲ ਤੇ ਭਾਰ ਜਿਹਾ ਬਣ ਜਾਂਦੀ ਹੈ - ਉਦੋਂ ਉਹ ਚਾਹੁੰਦੀ ਹੈ ਕਿ ਸਾਰਾ ਕੁਝ ਅਰਪਨ ਕਰ ਦਿਆਂ ... ... ।ਦੁਨੀਆ ਦੀ ਸਾਰੀ ਖ਼ੁਸ਼ੀ ਪ੍ਰੀਤਮ ਤੋਂ ਵਾਰ ਦਿਆਂ ਤੇ ਪਤਾ ਵੀ ਨਾ ਲੱਗੇ। ਪਰ ਰਸਮੀ ਜੰਜੀਰਾਂ ਦਿਲ ਦੇ ਦੁਆਲੇ ਪਈਆਂ ਰਹਿੰਦੀਆਂ ਨੇ। ਹਾਂ, ਕਈ ਵਾਰੀ ਇਹੋ ਜਿਹੀਆਂ ਰੁਕਾਵਟਾਂ ਪਿਆਰ ਦੇ ਤੁਫ਼ਾਨ ਅਗੇ, ਰੇਤ ਦੇ ਜ਼ਰੇ ਵਾਂਗ ਉਡ ਜਾਂਦੀਆਂ ਹਨ, ਤੇ ਦੋਵੇਂ ਪਲ ਦੇ ਪਲ ਲਈ,ਖ਼ਿਆਲ, ਅਹਿਸਾਸ ਤੇ ਜੋਸ਼ ਵਿਚ ਇਕ ਹੋ ਜਾਂਦੇ ਨੇ।

ਅਜ ਜੀ ਤੇ ਬੜਾ ਕੁਝ ਲਿਖਣ ਨੂੰ ਕਰਦਾ ਸੀ, ਪਰ ਕਾਲਜ ਦਾ ਕੰਮ ਬਹੁਤ ਸਾਰਾ ਕਰਨ ਵਾਲਾ ਹੈ। ਅਜ ਤੇ poetry ਪੜ੍ਹਿਦਿਆਂ ਵੀ ਬੜਾ ਸੁਆਦ ਆਇਆ, ਕਿਉਂਕਿ ਉਸ ਵਿਚ ਵੀ ਦੋ ਪ੍ਰੇਮੀਆਂ ਦੀ ਕਹਾਣੀ ਸੀ। ਜਿਉਂ ਜਿਉਂ ਪ੍ਰੋਫੈਸਰ ਸਮਝਾਏ, ਤਿਉਂ ਤਿਉਂ ਮੈਨੂੰ ਤੁਹਾਡੀ ਯਾਦ ਆਈ ਜਾਏ। ਡਰਦੀ ਸਾਂ ਕਿ ਮੇਰੇ ਚਿਹਰੇ ਤੇ ਕੋਈ ਇਹੋ ਜਿਹਾ ਨਿਸ਼ਾਨ ਨਾ ਨਜ਼ਰ ਆ ਜਾਏ, ਜਿਸ ਨੂੰ ਵੇਖ ਕੇ ਪ੍ਰੋਫੈਸਰ ਕੋਈ ਸਵਾਲ ਪੁਛ ਬੈਠੇ। ਮੈਂ ਔਖਿਆਂ ਹੋ ਕੇ ਵੀ ਨਜ਼ਰਾਂ ਕਿਤਾਬ ਵਲ ਹੀ ਰਖੀਆਂ।

ਸੁਣਾਉ, ਲਿਖਾਰੀ ਸਾਹਿਬ, ਕੁਝ ਲਿਖਿਆ ਵੀ ਜੇ? ਭਈ ਜੋ ਕੁਝ ਲਿਖੋ, ਮੈਨੂੰ ਜ਼ਰੂਰ ਦਸਣਾ। ਮੈਂ ਤੁਹਾਡੀ ਕਿਤਾਬੀ ਲਿਖਤ ਨੂੰ ਦੇਖਣ ਦੀ ਬੜੀ ਚਾਹਵਾਨ ਹਾਂ। ਉਂਝ ਤੇ ਮੈਨੂੰ ਪਤਾ ਲਗ ਗਿਆ ਹੈ, ਕਿ ਤੁਸੀ ਬੜੇ ਚੰਗੇ ਲਿਖਾਰੀ ਬਣ ਸਕਦੇ ਹੋ।

ਬਹੁਤ ਸਾਰਾ ਪਿਆਰ ਭੇਜਦੀ,ਤੇ ਫੋਟੋ ਦਾ ਦੁਬਾਰਾ ਧੰਨਵਾਦ ਕਰਦੀ ਹੋਈ।

ਮੈਂ ਹਾਂ

ਤੁਹਾਡੀ.............ਆਪਣੀ

੬੧