ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹ ਬੇਰੁਜ਼ਗਾਰੀ ਪੈਦਾ ਕਰਨ ਅਤੇ ਸਾਧਨਾਂ ਦੀ ਕਾਣੀ ਵੰਡ ਵਾਲੇ ਨਿਜ਼ਾਮ ਨੂੰ ਬਦਲਣ ਲਈ ਸੰਘਰਸ਼ ਕਰੇ। ਪਰ ਇਸ ਸਮੇਂ ਅਜਿਹੀ ਕਿਸੇ ਸ਼ਕਤੀਸ਼ਾਲੀ ਜਥੇਬੰਦਕ ਲਹਿਰ ਦੀ ਅਣਹੋਂਦ ਵਿੱਚ ਇਹ ਵਰਗ ਵੀ ਅਕਸਰ ਅੰਧਵਿਸ਼ਵਾਸੀ ਜਾਂ ਕੱਟੜ ਫਿਰਕੂ ਸ਼ਕਤੀਆਂ ਦਾ ਹੱਥ ਠੋਕਾ ਬਣ ਜਾਂਦਾ ਹੈ ਅਤੇ ਆਪਣੀ ਅਸੀਮਿਤ ਊਰਜਾ ਨੂੰ ਸਮਾਜ ਨੂੰ ਚੰਗੇ ਪਾਸੇ ਵੱਲ ਲਿਜਾਣ ਲਈ ਵਰਤਣ ਦੀ ਥਾਂ ਨਾਂਹਪੱਖੀ ਸ਼ਕਤੀਆਂ ਦੇ ਹੱਕ ਵਿੱਚ ਵਰਤ ਜਾਂਦਾ ਹੈ। ਚਾਹੇ ਉਪਰੋਕਤ ਨਿਰਣਾ ਸਾਰੇ ਨੌਜਵਾਨ ਵਰਗ ਤੇ ਲਾਗੂ ਨਹੀਂ ਹੁੰਦਾ ਫਿਰ ਵੀ ਇਸ ਵਰਗ ਦਾ ਬਹੁਤਾ ਹਿੱਸਾ ਸਮੂਹਿਕ ਕਾਰਜਾਂ ਵੱਲੋਂ ਗੈਰ-ਸਰਗਰਮ ਹੈ ਜਾਂ ਨਾਂਹ ਪੱਖੀ ਸ਼ਕਤੀਆਂ ਦੇ ਢਹੇ ਚੜ੍ਹਿਆ ਹੋਇਆ ਹੈ। ਸਮਾਜਿਕ ਰਾਜਨੀਤਕ ਤਬਦੀਲੀ ਲਈ, ਨਵੀਆਂ ਕਦਰਾਂ ਕੀਮਤਾਂ ਲਿਆਉਣ ਲਈ, ਸਮਾਜ ਨੂੰ ਅੰਧਵਿਸ਼ਵਾਸਾਂ ਅਤੇ ਰੂੜ੍ਹੀਵਾਦੀ ਸੋਚ ਵਿਚੋਂ ਕੱਢਣ ਲਈ ਇਸ ਵਰਗ ਉਤੇ ਜਿੰਨੀ ਜੁਮੇਂਵਾਰੀ ਆਉਂਦੀ ਹੈ ਇਹ ਉਸਤੇ ਪੂਰਾ ਨਹੀਂ ਉਤਰ ਰਿਹਾ। ਇਹ ਗੱਲ ਅੰਧਵਿਸ਼ਵਾਸਾਂ ਦੀ ਉਮਰ ਲੰਮੀ ਕਰਨ ਵਿੱਚ ਸਹਾਈ ਹੋ ਰਹੀ ਹੈ

ਮਿਲੇ ਰੁਜ਼ਗਾਰ ਦੀ ਸੁਰੱਖਿਆ ਨਾ ਹੋਣੀ

ਪਿਛਲੇ ਦੌਰ ਵਿੱਚ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੇ ਆਪਣੇ ਜਥੇਬੰਦਕ ਸੰਘਰਸ਼ਾਂ ਸਦਕਾ ਚੰਗੀਆਂ ਪ੍ਰਾਪਤੀਆਂ ਕੀਤੀਆਂ ਸਨ। ਇਹਨਾਂ ਪ੍ਰਾਪਤੀਆਂ ਵਿੱਚ ਰੁਜ਼ਗਾਰ ਦੀ ਸੁਰੱਖਿਆ, ਕੰਮ ਕਰਨ ਦੀਆਂ ਬਿਹਤਰ ਹਾਲਤਾਂ ਅਤੇ ਮੁਕਾਬਲਤਨ ਚੰਗੀਆਂ ਤਨਖਾਹਾਂ ਸ਼ਾਮਲ ਸਨ। ਜਥੇਬੰਦਕ ਸ਼ਕਤੀ ਅਤੇ ਤਨਖਾਹ ਦੀ ਬਝਵੀਂ ਆਮਦਨ ਨੇ ਇਸ ਵਰਗ ਦੀ ਮਾਨਸਿਕਤਾ ਵਿਚੋਂ ਕਿਸਮਤਵਾਦੀ ਅਤੇ ਵਹਿਮੀ ਅੰਸ਼ਾਂ ਨੂੰ ਦਬਾ ਦਿੱਤਾ ਸੀ ਅਤੇ

107