ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੜ੍ਹ, ਝੱਖੜ, ਤੂਫਾਨ, ਅੱਗਾਂ ਲੱਗਣੀਆਂ, ਸੋਕਾ ਪੈਣਾ, ਬਿਮਾਰੀਆਂ ਫੈਲਣ ਵਰਗੀਆਂ ਕੁਦਰਤੀ ਆਫਤਾਂ ਉਸਦਾ ਜੀਵਨ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੰਦੀਆਂ ਸਨ। ਨਾ ਤਾਂ ਉਸਦਾ ਰੈਣ ਬਸੇਰਾ ਐਨਾ ਮਜਬੂਤ ਹੁੰਦਾ ਸੀ ਕਿ ਝੱਖੜਾਂ, ਤੂਫਾਨਾਂ ਤੋਂ ਉਸਦਾ ਬਚਾਅ ਕਰ ਸਕੇ ਅਤੇ ਨਾ ਹੀ ਗਰਮੀ ਸਰਦੀ ਦਾ ਮੁਕਾਬਲਾ ਕਰਨ ਵਾਲੇ ਬਸਤਰ ਬਣੇ ਸਨ। ਬਿਮਾਰੀਆਂ ਅਤੇ ਹੋਰ ਸਰੀਰਕ ਪੀੜਾਂ ਤੋਂ ਕੋਈ ਬਚਾਅ ਨਹੀਂ ਸੀ ਅਤੇ ਨਾ ਹੀ ਰੱਜ ਕੇ ਪੇਟ ਭਰ ਸਕਣਾ ਉਸ ਲਈ ਕੋਈ ਸੌਖਾ ਕਾਰਜ ਸੀ। ਇਸ ਹਾਲਤ ਵਿੱਚ ਆਦਿ ਮਨੁੱਖ ਦੇ ਮਨ ਵਿੱਚ ਇਹੋ ਜਿਹੀਆਂ ਇਛਾਵਾਂ ਉਠਣੀਆਂ ਸੁਭਾਵਿਕ ਹੀ ਸਨ ਕਿ ‘ਕਾਸ਼’ ਸਾਡਾ ਸ਼ਿਕਾਰ ਤੇ ਜਾਣਾ ਸਫਲ ਹੋਵੇ, ਕਾਸ਼ ਵਰਖਾ ਹੋਵੇ, ਕਾਸ਼ ਅਸੀਂ ਤੰਦਰੁਸਤ ਰਹੀਏ, ਕਾਸ਼ ਸਾਡੀ ਜੰਗਲੀ ਜਾਨਵਰਾਂ ਤੋਂ ਰੱਖਿਆ ਹੁੰਦੀ ਰਹੇ, ਆਦਿ ਆਦਿ। ਪਰ ਆਪਣੀਆਂ ਅਜਿਹੀਆਂ ਸਾਰੀਆਂ ਇਛਾਵਾਂ ਉਹ ਪੂਰੀਆਂ ਕਰਨ ਦੇ ਸਮੱਰਥ ਨਹੀਂ ਸੀ। ਜਦ ਇਹਨਾਂ ਲੋੜਾਂ/ਇਛਾਵਾਂ ਦੀ ਪੂਰਤੀ ਲਈ ਕੀਤੀਆਂ ਉਸਦੀਆਂ ਭੌਤਿਕ ਕੋਸ਼ਿਸਾਂ ਸਫਲ ਨਾ ਹੁੰਦੀਆਂ ਤਾਂ ਉਹ ਇਹਨਾਂ ਇਛਾਵਾਂ ਨੂੰ ਕੁਦਰਤ ਦੀਆਂ ਵਿਰਾਟ ਸ਼ਕਤੀਆਂ ਅੱਗੇ ਜ਼ੁਬਾਨੀ ਰੂਪ ਵਿੱਚ ਪ੍ਰਗਟ ਕਰਦਾ। ਇਸ ਤਰ੍ਹਾਂ ਇਛਾਵਾਂ ਦਾ ਇਹ ਪ੍ਰਗਟਾਅ ਪ੍ਰਾਰਥਨਾਵਾਂ ਦਾ ਰੂਪ ਧਾਰਨ ਕਰ ਗਿਆ। ਇਸੇਂ ਅਮਲ ਦੌਰਾਨ ਕੁਦਰਤੀ ਸ਼ਕਤੀਆਂ ਦਾ ਮਾਨਵੀਕਰਨ ਕਰ ਲਿਆ ਗਿਆ ਭਾਵ ਇਹਨਾ ਕੁਦਰਤੀ ਸ਼ਕਤੀਆਂ ਨੂੰ ਚੇਤਨ ਕਾਇਆ ਮਿਥ ਲਿਆ ਗਿਆ ਜਿਨ੍ਹਾਂ ਨੂੰ ਪ੍ਰਸੰਸਾ ਕਰਨ, ਚੜ੍ਹਾਵੇ ਚੜ੍ਹਾਉਣ ਆਦਿ ਨਾਲ ਖੁਸ਼ ਕੀਤਾ ਜਾ ਸਕਦਾ ਸੀ। ਧਰਮ ਦੇ ਇਸ ਆਰੰਭਿਕ ਦੌਰ ਨੂੰ ਰਿਗਵੇਦ ਦੀਆਂ ਹੇਠ ਦਿੱਤੀਆਂ ਟੂਕਾਂ ਵਿਚੋਂ ਬਹੁਤ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ।

122