ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦਾਹਰਨ ਵਜੋ ਵਰਖਾ ਨੂੰ ਕੰਟਰੋਲ ਕਰਨ ਵਾਲਾ ਇੰਦਰ ਦੇਵਤਾ ਅਤੇ ਵਾਯੂ ਦਾ ਪਵਨ ਦੇਵਤਾ ਆਦਿ ਹੋਂਦ ਵਿੱਚ ਆਏ। ਅਸਲ ਵਿੱਚ ਪਹਿਲਾਂ ਕੁਦਰਤੀ ਸ਼ਕਤੀਆਂ ਨੂੰ ਆਪਣੇ ਆਪ ਵਿੱਚ ਚੇਤਨ ਸ਼ਕਤੀ ਸਮਝ ਕੇ ਪ੍ਰਾਰਥਨਾਵਾਂ ਸ਼ੁਰੂ ਕੀਤੀਆਂ ਗਈਆਂ ਪ੍ਰੰਤੂ ਹੌਲੀ ਹੌਲੀ ਕੁਝ ਅਜਿਹੇ ਦੇਵਤਿਆਂ ਦੀ ਕਲਪਨਾ ਹੋਣ ਲੱਗੀ ਜੋ ਇਹਨਾਂ ਕੁਦਰਤੀ ਸ਼ਕਤੀਆਂ ਨੂੰ ਕੰਟਰੋਲ ਕਰਦੇ ਸਨ। ਉਦਾਰਹਨ ਵਜੋਂ ਸੂਰਜ ਨੂੰ ਖੁਦ ਨੂੰ ਦੇਵਤਾ ਮੰਨਿਆ ਜਾਂਦਾ ਹੈ ਪ੍ਰੰਤੂ ਵਰਖਾ ਅਤੇ ਬੱਦਲਾਂ ਨੂੰ ਕਿਸੇ ਹੋਰ 'ਲੋਕ' ਵਿੱਚ ਬੈਠੇ ਇੰਦਰ ਦੇਵਤਾ ਰਾਹੀ ਕੰਟਰੋਲ ਹੁੰਦੇ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਪ੍ਰਾਚੀਨ ਮਨੁੱਖ ਕੋਲ ਜੀਵਨ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਨਹੀਂ ਸਨ। ਉਦਾਹਰਨ ਵਜੋਂ ਮੌਤ ਕੀ ਹੁੰਦੀ ਹੈ? ਮਰਨ ਬਾਅਦ ਜੀਵ ਨੂੰ ਕੀ ਹੋ ਜਾਂਦਾ ਹੈ? ਇਹ ਸੰਸਾਰ ਕਿਸਨੇ ਬਣਾਇਆ, ਕਦੋਂ ਬਣਾਇਆ ਅਤੇ ਕਿਉਂ ਬਣਾਇਆ? ਪ੍ਰਾਚੀਨ ਮਨੁੱਖ ਵਿੱਚ ਪੈਦਾ ਹੋ ਚੁੱਕਿਆ ਬੁੱਧੀ ਦਾ ਗੁਣ ਉਸਨੂੰ ਇਹਨਾਂ ਸਵਾਲਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਸੀ ਪਰ ਉਸਦਾ ਸੀਮਿਤ ਗਿਆਨ ਇਹਨਾਂ ਸਵਾਲਾਂ ਦੇ ਠੀਕ ਜਵਾਬ ਦੇਣ ਦੇ ਸਮੱਰਥ ਨਹੀਂ ਸੀ। ਫਿਰ ਜਿਸ ਤਰ੍ਹਾਂ ਕਿ ਸੌਖਿਆਂ ਹੀ ਸੋਚਿਆ ਜਾ ਸਕਦਾ ਹੈ, ਇਹਨਾਂ ਸਵਾਲਾਂ ਦੇ ਜਵਾਬਾਂ ਲਈ ਕਾਲਪਨਿਕ ਕਹਾਣੀਆਂ ਬਣਦੀਆਂ ਗਈਆਂ। ਇਹ ਤਰ੍ਹਾਂ ਤਰ੍ਹਾਂ ਦੀਆਂ ਕਾਲਪਨਿਕ ਕਹਾਣੀਆਂ ਅੱਗੇ ਜਾ ਕੇ ਵੱਖ ਵੱਖ ਧਰਮਾਂ ਦਾ ਅੰਗ ਬਣ ਗਈਆਂ ਜਿਸ ਕਾਰਣ ਇਹਨਾਂ ਨੂੰ 'ਸੱਚ’ ਮੰਨਿਆ ਜਾਣ ਲੱਗ ਪਿਆ।

ਇਸ ਤਰ੍ਹਾਂ ਮਨੁੱਖ ਦੀ ਕੁਦਰਤੀ ਸ਼ਕਤੀਆਂ ਅੱਗੇ ਬੇਬਸੀ, ਕੁਦਰਤੀ ਵਰਤਾਰਿਆਂ ਬਾਰੇ ਅਗਿਆਨਤਾ ਅਤੇ ਉਸਦੀ ਜਿਗਿਆਸਾ ਵਿਚੋਂ ਪ੍ਰਾਚੀਨ ਕੁਦਰਤੀ ਧਰਮ ਦਾ ਉਦੈ ਹੋਇਆ ਫਿਰ ਜਿਵੇਂ ਜਿਵੇਂ ਮਨੁੱਖ ਦਾ ਸਮਾਜਿਕ ਢਾਂਚਾ

124