ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤਾਬਾਂ ਹੀ ਮਨੁੱਖੀ ਮਨਾਂ ਦੇ ਹਨੇਰੇ ਦੂਰ ਕਰਦੀਆਂ ਹਨ

ਕਿਤਾਬਾਂ ਨੇ ਬਹੁਤ ਕਿਤਾਬਾਂ ਨੇ ਮਨੁੱਖ ਨੂੰ ਬਹੁਤ ਸਵਾਲਾਂ ਦੇ ਜਵਾਬ ਦਿੱਤੇ ਹਨ, ਸਾਰੇ ਸਵਾਲ ਖੜ੍ਹੇ ਕੀਤੇ ਹਨ। ਹੁਣ ਇੱਕ ਸਵਾਲ ਕਿਤਾਬ ਬਾਰੇ ਵੀ ਉਠ ਰਿਹਾ ਹੈ ਕਿ ਕਿਤਾਬਾਂ ਨੇ ਮਨੁੱਖੀ ਸਭਿਅਤਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ, ਕੀ ਸਭਿਅਤਾ ਦੀ ਹੋਰ ਤਰੱਕੀ ਕਿਤਾਬਾਂ ਨੂੰ ਵਾਧੂ ਕਰ ਦੇਵੇਗੀ? ਕੀ ਨਵੀਆਂ ਤਕਨੀਕਾਂ ਜਿਵੇਂ ਟੈਲੀਵੀਜ਼ਨ, ਕੰਪਿਊਟਰ, ਇੰਟਰਨੈੱਟ ਨਾਲ ਕਿਤਾਬ ਖਤਮ ਹੋਣ ਵੱਲ ਵਧ ਰਹੀ ਹੈ। ਆਮ ਆਦਮੀ ਅਕਸਰ ਇਉਂ ਹੀ ਸੋਚਦਾ ਹੈ। ਇਸਦਾ ਜਵਾਬ ਨਾਂਹ ਵਿੱਚ ਹੈ ਕਿਉਂਕਿ ਕਿਤਾਬ ਤਾਂ ਗਿਆਨ ਦਾ ਉਹ ਆਧਾਰ ਹੈ ਜਿਸ ਉਪਰ ਇਹ ਸਾਰੀਆਂ ਨਵੀਆਂ ਤਕਨੀਕਾਂ ਉਸਰੀਆਂ ਹਨ। ਆਧਾਰ ਖਤਮ ਹੋ ਗਿਆ ਤਾਂ ਉਪਰਲੀ ਇਮਾਰਤ ਖੜ੍ਹੀ ਹੀ ਨਹੀਂ ਰਹਿ ਸਕਦੀ। ਅਸਲ ਵਿੱਚ ਅੱਜ ਤਾਂ ਕਿਤਾਬਾਂ ਪਹਿਲਾਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਛਪ ਰਹੀਆਂ ਹਨ। ਹਾਂ, ਕਿਤਾਬ ਆਪਣਾ ਰੂਪ ਬਦਲਦੀ ਰਹੀ ਹੈ ਅਤੇ ਹੁਣ ਵੀ ਬਦਲ ਰਹੀ ਹੈ । ਇਸਦੇ ਲਈ ਦਰਖਤਾਂ ਦੇ ਪੱਤਿਆਂ ਤੋਂ ਜਾਨਵਰਾਂ ਦੀ ਚਮੜੀ ਤੱਕ ਵਰਤੀ ਜਾਂਦੀ ਰਹੀ, ਫਿਰ ਕਾਗਜ ਨੇ ਇਸਨੂੰ ਮੌਜੂਦਾ ਜਾਣਿਆ ਪਛਾਇਆ ਰੂਪ ਦਿੱਤਾ ਅਤੇ ਹੁਣ ਇਹ ਈ-ਬੁੱਕ ਬਣ ਰਹੀ ਹੈ। ਖੰਭਾਂ ਦੀ ਕਲਮ ਤੋਂ ਲੈ ਕੇ ਛਾਪਾਖਾਨਾ ਅਤੇ ਫਿਰ ਕੰਪਿਊਟਰ ਇਸਦੇ ਰੂਪ ਨੂੰ ਸੁਆਰਦੇ ਸ਼ਿੰਗਾਰਦੇ ਜਾ ਰਹੇ ਹਨ। ਇਸਦੇ ਨਾਲ ਨਾਲ ਕਿਤਾਬ ਵੀ ਮਨੁੱਖ ਨੂੰ ਬਦਲਦੀ ਰਹੀ ਹੈ। ਪ੍ਰਚੀਨ ਮਨੁੱਖ ਤੋਂ ਆਧੁਨਿਕ ਮਨੁੱਖ ਵੱਲ ਤਬਦੀਲੀ ਵਿੱਚ ਕਿਤਾਬ ਦਾ ਵੱਡਾ ਰੋਲ ਹੈ।

63