ਪੰਨਾ:ਗੀਤਾਂਜਲੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੪ਵੀਂ ਕੂੰਜ

ਦਿਨ ਛਿਪ ਗਿਆ ਹੈ, ਧਰਤੀ ਤੇ ਅੰਧੇਰਾ ਫੈਲਣ ਲਗਾ ਹੈ, ਇਹ ਵੇਲਾ ਹੈ ਕਿ ਆਪਣੀ ਗਾਗਰ ਭਰਨ ਲਈ ਮੈਂ ਨਦੀ ਤੇ ਜਾਵਾਂ।

ਪਾਣੀ ਦੇ ਗੰਭੀਰ ਗੀਤਾਂ ਨਾਲ ਸੰਧਿਆ ਦੀ ਹਵਾ ਵਿਆਕਲ ਹੈ, ਉਇ ਰਬਾ, ਉਹ ਮੈਨੂੰ ਗਾਈਆਂ ਦੇ ਵੱਗਾਂ ਦੀ ਉਡਦੀ ਮਿੱਟੀ ਵਿਚ ਜਾਣ ਲਈ ਬੁਲਾ ਰਹੀ ਹੈ। ਸੁੰਞੇ ਮਸੁੰਞੇ ਰਾਹ ਵਿਚ ਕੋਈ ਆਉਂਦਾ ਜਾਂਦਾ ਨਹੀਂ, ਹਵਾ ਚਲ ਰਹੀ ਹੈ, ਅਤੇ ਤਰੰਗਾਂ ਹੁਲਾਰੇ ਲੈ ਰਹੀਆਂ ਹਨ।

ਮੈਨੂੰ ਨਹੀਂ ਪਤਾ ਜੋ ਮੁੜ ਕੇ ਘਰ ਆਵਾਂਗਾ ਜਾਂ ਨਾ? ਮੈਂ ਨਹੀਂ ਜਾਣਦਾ ਜੋ ਉਥੇ ਕਿਸ ਨਾਲ ਮੇਲ ਜੋਲ ਹੋਵੇਗਾ, ਉਥੇ ਪਾਣੀ ਘਾਟ ਤੇ ਇਕ ਨਿੱਕੀ ਜੇਹੀ ਕਿਸ਼ਤੀ ਵਿਚ ਬੈਠਾ ਹੋਇਆ ਇਕ ਅਣ ਪਛਾਤਾ ਅਣ ਜਾਤਾ ਆਦਮੀ ਵੀਣਾ ਵਜਾ ਰਿਹਾ ਹੈ।

੯੭