ਪੰਨਾ:ਗੀਤਾਂਜਲੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੩ਵੀਂ ਕੂੰਜ

ਤਿਆਗ ਮੇਰੇ ਲਈ ਮੁਕਤੀ ਨਹੀਂ ਹੈ, ਮੈਨੂੰ ਤਾਂ ਅਨੰਦ ਦੇ ਹਜ਼ਾਰਾਂ ਬੰਧਨਾਂ ਵਿਚੋਂ ਮੁਕਤੀ ਦਾ ਰਸ ਆਉਂਦਾ ਹੈ।

ਤੂੰ ਮੇਰੇ ਲਈ ਹਮੇਸ਼ਾਂ ਅਨੇਕਾਂ ਰੰਗਾਂ ਤੇ ਸੁਗੰਧੀਆਂ ਦੇ ਅੰਮ੍ਰਿਤ ਦੀ ਬਾਰਸ਼ ਕਰਦਾ ਏਂ, ਮੇਰੇ ਇਸ ਮਿੱਟੀ ਦੇ ਭਾਂਡੇ ਨੂੰ ਕੰਢਿਆਂ ਤਕ ਭਰ ਦਿੰਦਾ ਏਂ।

ਮੇਰਾ ਸੰਸਾਰ ਆਪਣੇ ਸੈਂਕੜੇ ਦੀਵਿਆਂ ਨੂੰ ਤੇਰੀ ਜੋਤੀ ਨਾਲ ਜਗਾਇਆ ਕਰੇਗਾ ਅਤੇ ਤੇਰੇ ਮੰਦਰ ਦੀ ਵੇਦੀ ਪਰ ਉਨ੍ਹਾਂ ਨੂੰ ਚੜਾਵੇਗਾ। ਨਹੀਂ, ਮੈਂ ਆਪਣੀਆਂ ਇੰਦਰੀਆਂ ਦੇ ਦਰਵਾਜੇ ਕਦੀ ਨ ਬੰਦ ਕਰਾਂਗਾ, ਸ਼ਬਦ, ਛੂਹ, ਰੂਪ, ਰਸ, ਸੁਗੰਧੀ ਦਾ ਸੁਖ ਤੇਰੇ ਮਹਾ ਅਨੰਦ ਨੂੰ ਪੈਦਾ ਕਰੇਗਾ।

ਹਾਂ, ਮੇਰੇ ਸਾਰੇ ਵਹਿਮ ਤੇ ਸ਼ੰਕੇ ਤੇਰੇ ਅਨੰਦ ਦੀ ਜੋਤੀ ਵਿਚ ਭਸਮ ਹੋ ਜਾਣਗੇ ਅਤੇ ਮੇਰੀਆਂ ਸਭ ਵਾਸ਼ਨਾਵਾਂ ਪ੍ਰੇਮ ਦੇ ਫਲਾਂ ਵਿਚ ਬਦਲ ਜਾਣਗੀਆਂ।

੯੬