ਪੰਨਾ:ਗੀਤਾਂਜਲੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੭ਵੀਂ ਕੂੰਜ

ਮੈਂ ਤੈਨੂੰ ਆਪਣਾ ਈਸ਼ਰ ਮੰਨਦਾ ਹਾਂ, ਅਤੇ ਏਸੇ ਲਈ ਤੇਰੇ ਤੋਂ ਦੂਰ ਖੜਾ ਰਹਿਦਾ ਹਾਂ, ਮੈਂ ਤੈਨੂੰ ਆਪਣਾ ਨਹੀਂ ਸਮਝਦਾ ਅਤੇ ਏਸੇ ਲਈ ਤੇਰੇ ਲਾਗੇ ਆਉਣ ਦਾ ਹੀਆ ਨਹੀਂ ਪੈਂਦਾ। ਮੈਂ ਤੈਨੂੰ ਆਪਣਾ ਪਿਤਾ ਮੰਨਦਾ ਹਾਂ ਅਤੇ ਤੇਰੇ ਚਰਨਾਂ ' ਤੇ ਨਿਮਸ਼ਕਾਰ ਕਰਦਾ ਹਾਂ ਪਰ ਮੈਂ ਤੈਨੂੰ ਆਪਣਾ ਮਿੱਤ੍ਰ ਨਹੀਂ ਸਮਝਦਾ, ਏਸੇ ਕਰਕੇ ਤੇਰਾ ਹਥ ਫੜ ਕੇ ਘਟਦਾ ਨਹੀਂ।

ਜਿਥੇ ਤੂੰ ਨੀਵਾਂ ਉਤਰ ਕੇ ਆਉਂਦਾ ਏਂ, ਉਥੇ ਤੈਨੂੰ ਆਪਣੇ ਹਿਰਦੇ ਨਾਲ ਲਗਾਉਣ, ਤੇ ਆਪਣਾ ਸਾਥੀ ਮੰਨਣ ਲਈ ਮੈਂ ਖੜੋਂਦਾ ਨਹੀਂ।

ਭਰਾਵਾਂ ਵਿਚ ਕੇਵਲ ਤੈਨੂੰ ਮੈਂ ਆਪਣਾ ਭਰਾ ਸਮਝਦਾ ਹਾਂ, ਮੈਂ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ, ਮੈਂ ਆਪਣੀ ਕਮਾਈ ਵਿਚ ਉਸ ਨੂੰ ਸਾਂਝੀਵਾਲ ਨਹੀਂ ਬਣਾਉਂਦਾ ਅਤੇ ਏਸੇ ਤਰਾਂ ਤੈਨੂੰ ਭੀ ਆਪਣੇ ਸਭ ਕੁਝ ਵਿਚੋਂ ਹਿੱਸਾ ਨਹੀਂ ਦਿੰਦਾ।

ਮੈਂ ਸੁਖ ਦੁਖ ਵਿਚ ਉਨਾਂ ਦਾ ਸਾਥ ਨਹੀਂ ਦਿੰਦਾ, ਇਸਤਰਾਂ ਤੇਰੇ ਪਾਸ ਭੀ ਨਹੀਂ ਖੜਾ ਹੁੰਦਾ, ਮੈਂ ਦੂਜਿਆਂ ਲਈ ਆਪਣਾ ਜੀਵਨ ਦੇਣੋਂ ਝਕਦਾ ਹਾਂ, ਏਸੇ ਕਰਕੇ ਜੀਵਨ ਦੇ ਮਹਾ ਸਾਗਰ ਵਿਚ ਚੱਬੀ ਨਹੀਂ ਲਾ ਸਕਦਾ।

੧੦੦