ਪੰਨਾ:ਗੀਤਾਂਜਲੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

"ਤੁਛ ਵਾਂਸ ਦੀ ਪੋਰੀ ਨੂੰ
ਤੂੰ ਬਾਂਸਰੀ ਕੀਤਾ"

ਟੈਗੋਰ ਦੀ ਕਵਿਤਾ ਵਿਚ ਸੱਚ ਹੈ, ਪਰ ਸੱਚ ਡਰਾਉਣਾ, ਥੱਕਿਆ ਤੇ ਠੰਡਿਆਂ ਨਾਲ ਚੂਰ ਚੂਰ ਹੋਇਆ ਨਹੀਂ ਸਗੋਂ ਸੁਹਣਾ ਸੱਚ, ਕੋਮਲ ਸੱਚ ਤੇ ਸੁਰੀਲਾ ਸੱਚ ਹੈ। ਟੈਗੋਰ ਦੀ ਕਵਿਤਾ ਦੇ ਸ਼ਬਦ ਸੁਤੇ ਬਚੇ ਦੀ ਮੁਸਕ੍ਰਾਹਟ ਵਾਂਗ ਭੋਲੇ, ਕੁਵਾਰੀ ਦੀ ਸੁੰਦ੍ਰਤਾ ਵਾਂਗ ਪਵਿਤ੍ਰ ਪਰ ਭਾਵ ਬਿਰਧਾਂ ਵਾਂਗ ਸੁਘੜ ਹਨ। ਟੈਗੋਰ ਮਨੁਖ ਤੇ ਕੁਦਰਤ ਦੀ ਧੜਕਨ ਸਾਂਝੀ ਆਪ ਸੁਣਦਾ ਤੇ ਸਭ ਨੂੰ ਸੁਣਾਉਂਦਾ ਹੈ।

ਕਈਆਂ ਚਿੱਤਕਾਰਾਂ ਨੂੰ ਰੰਗ ਦੀ ਬੜੀ ਬ੍ਰੇਕ ਸੋਝੀ ਹੁੰਦੀ ਤੇ ਕਈਆਂ ਨੂੰ ਤਸਵੀਰ ਦੇ ਖੜੋਣ ਜਾਂ ਬੈਠਣ-ਕਟਾਖਸ਼ ਦੀ। ਕਈ ਸਚ ਮੁਚ ਦੀ ਤਸਵੀਰ ਬਣਾ ਦੇਂਦੇ ਹਨ ਤੇ ਕਈ ਵਿਚ ਜਾਨ ਪਾ ਦੇਂਦੇ ਹਨ, ਕਈ ਇਸ ਤੋਂ ਅਗੇ ਹਮਦਰਦੀ ਵੀ ਸਾਡੇ ਵਿਚ ਪੈਦਾ ਕਰ ਦੇਂਦੇ ਹਨ। ਹਮਦਰਦੀ ਵਾਲਾ ਪਹਿਲੇ ਚੌਹਾਂ ਨਾਲੋਂ ਬਹੁਤ ਉਚਾ ਹੈ ਪਰ ਅਜੇ ਭੀ ਉਹ ਲਿਖਾਰੀ ਜਾਂ ਚਿੱਤਕਾਰ ਪਾਠਕਾਂ ਤੇ ਵੇਖਣ ਵਾਲਿਆਂ ਕਲੋਂ ਭਿਖਿਆ ਮੰਗਦਾ ਹੈ, ਸਭ ਤੋਂ ਉਚੀ ਚੀਜ਼ ਹੈ—'ਪ੍ਰੇਰਣਾ'। ਜੇ ਕੋਈ ਤਸਵੀਰ ਜਾਂ ਕਵਿਤਾ ਸਾਨੂੰ ਪ੍ਰੇਰਦੀ ਹੈ, ਕੰਮਾਂ ਵਲ ਧੱਕਦੀ ਹੈ ਤਾਂ ਸਮਝੋ ਉਹ ਕਵੀ ਜਾਂ ਚਿੱਤ੍ਰਕਾਰ ਕੌਮਾਂ ਤੇ ਮੁਲਕਾਂ ਨੂੰ ਜਗਾ ਕੇ ਕਿਸੇ ਨਜ਼ਾਰਿਆਂ ਭਰੀਆਂ ਪਗ-ਡੰਡੀਆਂ ਤੇ ਤੋਰਨ ਲਈ ਆਇਆ ਹੈ। ਟੈਗੋਰ ਨੇ ਆਪਣੀਆਂ ਕਵਿਤਾਵਾਂ ਦੀ ਪ੍ਰੇਰਣਾ ਨਾਲ ਪੂਰਬ ਅਤੇ ਪਛਮ ਨੂੰ ਇਕਮਿਕ ਕਰ ਦਿਤਾ ਹੈ; ਪ੍ਰੇਰਣਾ ਦੇ ਅਮੁਕ ਬਲ ਨਾਲ ਜਦੋਂ ਉਹ ਕਹਿੰਦਾ ਹੈ;

"ਹਥ ਨਵੇਂ ਝੋਲੀਆਂ ਪੁਰਾਣੀਆਂ"

ਤਾਂ ਪਤਾ ਲਗਦਾ ਹੈ ਸਦੀਆਂ ਤੋਂ ਮਨੁਖੀ ਮੰਗਾਂ ਇਕੋ ਜਹੀਆਂ ਹਨ,{{rh||੨੭.|}