ਪੰਨਾ:ਗੀਤਾਂਜਲੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਪਛਾਣ

ਡਾਕਟਰ ਰਾਬਿੰਦਰਾ ਨਾਥ ਟੈਗੋਰ ਇਸ ਸਮੇਂ ਦੇ ਸੰਸਾਰ ਪ੍ਰਸਿਧ ਕਵੀ ਹਨ, ਇਸ ਪ੍ਰਸਿਧਤਾ ਦਾ ਅਰੰਭ ਉਨ੍ਹਾਂ ਦੀ ਰਚਨਾਂ ਗੀਤਾਂਜਲੀ ਹੈ, ਇਹੋ ਪੁਸਤਕ ਹੈ, ਜਿਸ ਨੇ ਪਛਮੀ ਮੁਲਕਾਂ ਨਾਲ ਕਵੀ ਦੀ ਜਾਣ ਪਛਾਣ ਕਰਵਾਈ। ਇਹ ਪੁਸਤਕ ਉਨ੍ਹਾਂ ਗੀਤਾਂ ਦਾ ਸੰਗ੍ਰਹ ਹੈ ਜਿਨ੍ਹਾਂ ਦੇ ਇਕ ਯਾਂ ਦੋ ਵਾਰ ਪੜ੍ਹਨ ਨਾਲ ਰੱਜ ਨਹੀਂ ਆਉਂਦਾ, ਜੇ ਉਨ੍ਹਾਂ ਨੂੰ ਦਸ ਵੇਰ ਪੜ੍ਹਿਆ ਜਾਵੇ ਤਾਂ ਗਿਆਰਵੀਂ ਵੇਰ ਪੜ੍ਹਨ ਦੀ ਲਾਲਸਾ ਦਸ ਗੁਣਾ ਵਧੇਰੇ ਹੋ ਜਾਵੇਗੀ। ਕਿਸੇ ਪੁਸਤਕ ਦੀ ਪਰਖ ਲਈ ਕਈ ਕਸਵੱਟੀਆਂ ਹੋ ਸਕਦੀਆਂ ਹਨ ਪਰ ਸਭ ਤੋਂ ਚੰਗੀ ਕਸਵੱਟੀ ਮੇਰੇ ਖਿਆਲ ਅਨੁਸਾਰ ਇਹ ਹੈ ਕਿ ਤੁਸੀਂ ਉਸ ਨੂੰ ਕਿੰਨੀ ਵਾਰ ਪੜ੍ਹਿਆ ਹੈ। ਟੋਭੇ ਦੀ ਥਾਹ ਲੈਣ ਲਈ ਇਕ ਟੁੱਭੀ ਬਥੇਰੀ ਹੈ ਪਰ ਸਾਗਰ ਅਥਾਹ ਹੁੰਦੇ ਹਨ, ਸਦੀਆਂ ਤੋਂ ਲੋਕੀ ਉਸ ਵਿਚ ਗੋਤੇ ਲੌਂਦੇ ਆਏ ਹਨ, ਪਰ ਜਦੋਂ ਤੀਕ ਗੋਤੇਮਾਰ ਮੁਕ ਨਹੀਂ ਜਾਂਦੇ; ਨਵੇਂ ਮੋਤੀ ਲਭਦੇ ਹੀ ਰਹਿਣਗੇ। ਇਸਤਰਾਂ ਦੀ ਰਚਨਾ ਗੁਰਬਾਣੀ ਤੇ ਸੰਤ ਬਾਣੀ ਹੈ ਇਸ ਤੋਂ ਉਤਰ ਕੇ ਸ਼ੈਕਸਪੀਅਰ ਆਦਿ ਕਵੀਆਂ ਦੀ ਰਚਨਾਂ ਵਿਚ ਇਹ ਗੁਣ ਹੈ ਅਤੇ ਏਹੋ ਜਹੀ ਰਚਨਾਂ ਟੈਗੋਰ ਜੀ ਦੀ ਗੀਤਾਂਜਲੀ ਹੈ।

ਗੀਤਾਂਜਲੀ ਪਹਿਲੇ ਬੰਗਾਲੀ ਵਿਚ ਲਿਖੀ ਗਈ ਹੈ, ਇਸ ਦਾ ਮਿਠਾਸ ਤੇ ਸਵਾਦ ਕਿੱਨਾਂ ਤੇ ਕੇਹੋ ਜਿਹਾ ਹੈ, ਮੈਂ ਨਹੀਂ ਆਖ ਸਕਦਾ ਕਿਉਂਕਿ ਮੈਨੂੰ ਬੰਗਾਲੀ ਨਹੀਂ ਆਉਂਦੀ। ਇਸ ਦਾ ਤਰਜਮਾ ਕਵੀ ਜੀ ਨੇ ਆਪ ਅੰਗ੍ਰੇਜ਼ੀ ਵਿਚ ਕੀਤਾ ਹੈ, ਪਛਮੀ ਲੋਕਾਂ ਨੇ ਇਹ ਤਰਜਮਾਂ ਪੜ੍ਹਿਆ ਤੇ ਪੜ੍ਹ ਕੇ ਮਗਧ ਹੋ ਗਏ। ਮਾਦਾ ਪ੍ਰਸਤੀ ਦੀ ਲਿਸ਼ਕ ਨਾਲ ਚੁੰਧਿਆਈਆਂ ਅੱਖੀਆਂ ਲਈ ਇਹ ਇਕ ਓਪਰੀ ਕਿਸਮ ਦਾ ਚਾਨਣ ਸੀ, ਜੋ ਰਾਹ ਵਖਾਉਂਦਾ ਸੀ ਪਰ ਚਕਾਚੂੰਧ ਨਹੀਂ ਸੀ ਕਰਦਾ। ਉਨ੍ਹਾਂ ਲਈ ਇਹ ਇਕ ਨਵਾਂ ਸੇਕ ਸੀ, ਜੋ ਨਿੱਘਾ ਕਰਦਾ ਸੀ ਪਰ ਸਾੜਦਾ ਨਹੀਂ ਸੀ। ਵਿਸ਼ਵਾਸ ਤੋਂ ਸਖਣੇ ਪਛਮੀ ਲੋਕਾਂ ਲਈ ਇਹ ਇਕ ਨਵੀਂ ਫਿਲਾਸਫੀ

੨.