ਪੰਨਾ:ਗੁਰਚਰਨਾ ਗਾਡ੍ਹਰ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਮੀਤ ਕੜਿਆਲਵੀ ਗੁਰਚਰਨਾ ਗਾਡਰ ਉਸ ਦੇ ਸਿਰ ਬੇਰਹਿਰਮੀ ਨਾਲ ਕੀਤੇ ਦੋ ਕਤਲ ਸਨ। ਇਕ ਜੇਲ੍ਹਾਂ ਬਾਹਰ ਤੇ ਦੂਜਾ ਜੇਲ੍ਹ ਦੇ ਅੰਦਰ। ਬੈਰਕ ਦੇ ਐਨ ਅਹਾਤੇ ਵਿਚ। ਜੇਲ੍ਹ ਦੇ ਕਰਮਚਾਰੀ ਅਤੇ ਅਧਿਕਾਰੀ ਹੀ ਨਹੀਂ, ਹਵਾਲਾਤੀ ਅਤੇ ਖਤਰਨਾਕ ਕਿਸਮ ਦੇ ਕੈਦੀ ਵੀ ਉਸ ਤੋਂ ਤਰਿੰਹਦੇ ਸਨ। ਗੋਰਾ ਨਿਛੋਹ ਰੰਗ, ਸੱਠਾਂ ਤੋਂ ਉੱਤੇ ਚੁੱਕਿਆ ਹੱਬਲ ਸਰੀਰ। ਚਿੱਟਾ ਦਾਹੜਾ। ਗਹਿਰ-ਭਾਸਦੀਆਂ ਭੂਸਲੀਆਂ ਅੱਖਾਂ। ਸ਼ਾਂਤ- ਚਿੰਤ ਤੁਰਿਆ ਜਾਂਦਾ ਉਹ ਖਤਰਨਾਕ ਕੈਦੀ ਨਹੀਂ ਸਗੋਂ ਕੋਈ ਦਰਵੇਸ਼ ਜਾਪਦਾ ਸੀ। ‘‘ਅਸਲੀ ਮਰਦ ਐ...!" “ਫਾਹੇ ਲੱਗੂ...’’ ਉਸ ਦੇ ਤੁਰ ਜਾਣ ਬਾਅਦ ਕਿੰਨਾ ਹੀ ਚਿਰ ਹਵਾਲਾਤੀਆਂ ਦੀਆਂ ਗੱਲਾਂ ਉਸ ਬਾਰੇ ਚਲਦੀਆਂ ਰਹਿੰਦੀਆਂ ਸਨ। ‘‘ਗੁਰਦਾਸ! ਇਹਨੂੰ ਜਾਣਦੈਂ?’’ ਪਤਾ ਇਹ ਕੌਣ ਐ?” ਡੀ.ਟੀ.ਓ ਗਰੇਵਾਲ ਜਿਹੜਾ ਰਿਸ਼ਵਤ ਦੇ ਦੋਸ਼ ਵਿਚ ਚਾਰ ਸਾਲ ਦੀ ਸਜ਼ਾ ਭੁਗਤ ਰਿਹਾ ਸੀ, ਨੇ ਪੁੱਛਿਆ ਸੀ। ਗਰੇਵਾਲ ਕੈਦੀਆਂ ਵਾਲੀ ਅੱਠ ਨੰਬਰ ਬੈਰਕ ਵਿਚ ਰਹਿੰਦਾ ਸੀ। ਜੇਲ੍ਹ ਵਿਚ ਉਸ ਨੂੰ ਬੀ ਕਲਾਸ ਮਿਲੀ ਹੋਈ ਸੀ। ਸੈਸ਼ਨ ਕੋਰਟ ਵੱਲੋਂ ਹੋਈ ਇਸ ਸਜ਼ਾ ਖਿਲਾਫ਼ ਉਸ ਨੇ ਹਾਈਕੋਰਟ ਵਿਚ ਅਪੀਲ ਪਾਈ ਹੋਈ ਸੀ ਜਿਸ ਦੀ ਸੁਣਵਾਈ ਅਗਲੇ ਮਹੀਨੇ ਹੋਣੀ ਸੀ। ‘‘ਨਹੀਂ ਤਾਂ... ਬੱਸ ਦੂਰੋਂ-ਦੂਰੋਂ ਹੀ ਦੇਖਿਆ। ਮੈਂ ਜੁਆਬ ਦਿੱਤਾ ਸੀ। ‘ਇਹ ਗੁਰਚਰਨਾ ਐ... ਗੁਰਚਰਨਾ ਗਾਡਰ... ਸੱਚਮੁੱਚ ਦਾ ਗਾਡਰ..ਗਾਡਰ ਵਰਗਾ ਆਦਮੀ।” ‘ਗਾਡਰ ਆਦਮੀ... ਕਿਵੇਂ? ‘‘ਇਹ ਝੁੱਬੀਆਣੇ ਤੋਂ ਆ ਗੁਰਚਰਨ ਸਿੰਘ ਪਿੰਡ ਦੇ ਜ਼ੈਲਦਾਰ ਦੇ ਵਿਗੜੇ ਛੋਹਰਾਂ ਨੇ ਇਹਦੀ ਧੀ ਦੀ ਇੱਜ਼ਤ ਰੋਲਤੀ ਸੀ। ਵਿਚਾਰੀ ਨੇ ਖੂਹ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜ਼ੈਲਦਾਰ ਦੇ ਪੈਸਿਆਂ ਨੇ ਆਵਦਾ ਕੰਮ ਕਰ ਦਿੱਤਾ। ਤਿੰਨਾਂ ਮੁੰਡਿਆਂ ’ਚੋਂ ਕੇਵਲ ਇਕ ਦੇ ਸਿਰ ਹਲਕਾ ਜਿਹਾ ਕੇਸ ਪੁਆ ਕੇ ਜੇਲ੍ਹ ਭਿਜਵਾ ਦਿੱਤਾ। ਬਾਕੀ ਦੋ ਜਰਵਾਣੇ ਬਾਹਰ ਬੁੱਕਦੇ ਫਿਰਦੇ ਸਨ, ਗਰੀਬਾਂ ਦੀਆਂ ਧੀਆਂ-ਭੈਣਾਂ ਨੂੰ ਤਾੜਦੇ। ਗੁਰਚਰਨੇ ਦੀ ਹਿੱਕ 'ਤੇ ਜਿਵੇਂ ਸੱਪ ਮੇਲਦੇ ਸਨ। ਇਕ ਦਿਨ ਮੌਕਾ ਪਾ ਕੇ ਉਸ ਨੇ ਇਕ ਦੁਸ਼ਟ ਨੂੰ ਸੋਧ ਦਿੱਤਾ। ਉਸੇ ਕੇਸ ਵਿਚ ਹੀ ਗੁਰਚਰਨਾ ਜੇਲ੍ਹ ਆਇਆ ਸੀ। ਆਹ । ਤੇਰੇ ਆਉਣ ਤੋਂ ਚਾਰ ਕੁ ਮਹੀਨੇ ਪਹਿਲਾਂ ਦੀ ਗੱਲ ਐ। ਇਥੇ ਜੇਲ੍ਹ ਵਿਚ ਆ ਕੇ ਗੁਰਚਰਨੇ ਨੇ ਦੂਜੇ ਨੂੰ ਵੀ ਰੇੜ੍ਹ ਦਿੱਤਾ।” ‘‘ਇਥੇ ਜੇਲ੍ਹ ਵਿਚ ਈ...? ਕਿਵੇਂ? ਆਏ ਕਿਵੇਂ ਹੋਜੂ?” ਗੱਲ ਮੇਰੀ ਸਮਝ ਵਿਚ ਨਹੀਂ ਸੀ ਆਈ। ‘ਇਥੇ ਜੇਲ੍ਹ ਵਿਚ ਆ ਕੇ ਗੁਰਚਰਨੇ ਨੂੰ ਟੇਕ ਕਿਥੋਂ ਆਉਂਦੀ। ਉਸ ਦੀ ਧੀ ਦਾ ਕਾਤਲ ਵੀ ਤਾਂ ਇਸੇ ਜੇਲ੍ਹ ਵਿਚ ਸੀ। ਗੁਰਚਰਨੇ ਦੀਆਂ ਤਾਂ ਅੱਖਾਂ ਵਿਚ ਅੱਗ ਮੱਚਦੀ ਰਹਿੰਦੀ ਸੀ। ਉਹ ਤਾਂ ਬੱਸ ਇਹੀ ਸਕੀਮਾਂ ਸੋਚਦਾ ਰਹਿੰਦਾ ਹੋਣੈ ਕਿ ਕਦੋਂ ਇਸ ਮਰਦੂਦ ਅਗਲੀ ਟਿਕਟ ਕੱਟਾਂ। ਲਉ ਜੀ-ਗੁਰਚਰਨੇ ਨੇ ਰੋਟੀ ਖਾਣ ਵਾਲੇ ਚਮਚੇ ਨੂੰ ਡੰਡੀ ਵਾਲੇ ਪਾਸੇ ਫਰਸ਼ ਨਾਲ ਰਗੜ-ਰਗੜ ਕੇ ਤਿੱਖਾ ਨੋਕਦਾਰ ਚਾਕੂ ਬਣਾ ਲਿਆ। ਇਕ ਦਿਨ ਗੁਰਚਰਨੇ ਨੇ ਮੌਕਾ ਤਾੜ ਲਿਆ। ਜ਼ੈਲਦਾਰ ਦਾ ਵਿਗੜੈਲ ਕਾਕਾ ਬੈਰਕ ਦੇ ਵਿਹੜੇ ਵਿਚ ਪਾਣੀ ਵਾਲੀ ਖੇਲ 'ਤੇ ਬੈਠਾ ਮਲ-ਮਲ ਕੇ ਨਹਾਈ ਜਾਵੇ। ਜਿਵੇਂ ਸਾਲਾ ਜਨਮਾਂ-ਜਨਮਾਂਤਰਾਂ ਦੀ ਮੈਲ ਲਾਹੁੰਦਾ ਹੋਵੇ। ਪਤਾ ਈ ਉਦੋਂ ਲੱਗਾ ਜਦੋਂ ਗੁਰਚਰਨੇ ਨੇ ਖੇਲ ਦਾ ਪਾਣੀ ਦੁਸ਼ਟ ਦੇ ਖੂਨ ਨਾਲ ਲਾਲ ਕਰ ਦਿੱਤਾ। ਉਥੇ ਈ ਮਿਆਂ-ਮਿਆਂ ਕਰਦਾ ਰਹਿ ਗਿਆ ਕੁੱਤਾ।” “ਅੱਛਾ!” ਹੈਰਾਨੀ ਨਾਲ ਮੇਰੀਆਂ ਅੱਖਾਂ ਫੈਲ ਗਈਆਂ ਸਨ। ‘‘ਗੁਰਦਾਸ! ਗੁਰਚਰਨਾ ਆਂਹਦਾ ਹੁੰਦਾ, ਬੰਦੇ ਅੰਦਰ ਰੜਕ ਹੋਣੀ ਚਾਹੀਦੀ ਐ... ਦਰਅਸਲ ਜਿਹੜੇ ਆਪਾਂ ਹੁੰਨੈ ਆਂ ਨਾ, ਮੇਰਾ ਮਤਲਬ ਸਰਕਾਰੀ ਨੌਕਰੀਆਂ ਵਾਲੇ, ਅਪਣੇ ’ਚ ਰੜਕ ਨ੍ਹੀ ਰਹਿੰਦੀ। ਆਪਾਂ ਤਾਂ ਬੱਸ ਸੂਰਮਾ ਬਣ ਜਾਂਦੇ ਹਾਂ ਹਾਕਮਾਂ ਦੀ ਅੱਖ ਦਾ। ਧੇਲੀ- ਧੇਲੀ ਦੇ ਬੰਦੇ ਆਪਾਂ ਨੂੰ ਕੱਠਪੁਤਲੀਆਂ ਵਾਂਗੂੰ ਉਂਗਲਾਂ 'ਤੇ ਨਚਾਈ ਜਾਂਦੇ ਆ। ਅੱਖਾਂ 'ਚ ਪਾ ਕੇ ਮਟਕਾਉਂਦੇ ਰਹਿੰਦੇ ਨੇ। ਜੇ ਕਿਧਰੇ ਅਪਣੇ ਵਰਗਾ ਅੱਖਾਂ ਵਿਚ ਰੜਕਣ ਲੱਗ ਜੇ... ਮੂਲੀ ਵਾਂਗੂੰ ਪੁੱਟ ਕੇ ਅਹੁ ਮਾਰਦੇ। ਪਰ ਕੀ ਜਿਉਣਾ ਅਪਣਾ? ਬੰਦਾ ਹੋਵੇ ਤਾਂ ਗੁਰਚਰਨੇ ਵਰਗਾ, ਨਹੀਂ ਤਾਂ ਨਾ ਹੋਵੇ; ਕੀ ਫ਼ਰਕ ਪੈਂਦਾ। ਆਪਾਂ ਤਾਂ ਐਵੇਂ ਲਾਲਾਂ ਚੱਟਦੇ ਰਹਿਨੇ ਆ ਚੁੱਕੀ-ਤਿੱਕੀ ਦੀਆਂ। ਕਦੇ ਬਦਲੀ ਦਾ ਡਰ, ਕਦੇ ਮੁਅੱਤਲੀ ਦਾ...ਕਦੇ ਤੇਰੇ-ਮੇਰੇ ਵਾਂਗੂੰ...।” ਗਰੇਵਾਲ ਨੇ ਵਾਕ ਪੂਰਾ ਨਹੀਂ ਸੀ ਕੀਤਾ। ਡੀ.ਟੀ.ਓ ਗਰੇਵਾਲ, ਜਿਹੜਾ ਕਿ ਪੰਜਾਬ ਦਾ ਇਮਾਨਦਾਰ ਅਫਸਰ ਗਿਣਿਆ ਜਾਂਦਾ ਸੀ, ਸ਼ਹਿਰ ਦੇ ਨਾਮਵਰ ਟਰਾਂਸਪੋਰਟਰਾਂ ਨਾਲ ਪੰਗਾ ਲੈ ਬੈਠਾ ਸੀ। ਉਸ ਨੇ ਹਰਚੋਵਾਲੀਆਂ ਦੀਆਂ ਬਿਨਾਂ ਪਰਮਿਟ ਚੱਲਦੀਆਂ ਬੱਸਾਂ ਥਾਣੇ ਬੰਦ ਕਰਵਾ ਦਿੱਤੀਆਂ ਸਨ। ਹਰਚੋਵਾਲੀਆਂ ਕੋਲ ਲੁਧਿਆਣਾ ਤੋਂ ਬਠਿੰਡਾ ਦੇ ਦੋ ਹੀ ਪਰਮਿਟ 81