ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਥਲਾਂ ਵਿਚ ਰੰਗ ਰੱਤੀ ਸੱਜਰੀ ਸਵੇਰ।
ਰੱਬ ਲਿਖੀਆਂ ਨੇ ਰੇਤੇ ਉੱਤੇ ਗ਼ਜ਼ਲਾਂ ਚੁਫੇਰ।

ਜਿਵੇਂ ਧਰਤੀ 'ਚ ਕੇਰਦੇ ਨੇ ਕੱਲ੍ਹਾ ਕੱਲ੍ਹਾ ਬੀਜ,
ਚੱਲ ਸੁਪਨੇ ਨੂੰ ਸੁੰਨਿਆਂ ਸਿਆੜਾਂ 'ਚ ਖਲੇਰ।

ਚੱਲ ਹੁਣ ਵਾਲੇ ਕੰਮ ਨੂੰ ਮੁਕਾਈਏ ਹੁਣੇ ਝੱਟ,
ਲੰਘ ਜਾਵੇ ਨਾ ਇਹ ਪਲ, ਸਾਂਭ ਕਰ ਨਾ ਤੂੰ ਦੇਰ।

ਤੇਰੀ ਧਰਤੀ ਦੇ ਜਾਏ, ਸੁੱਤੇ ਜਾਗਦੇ ਕੁਵੇਲੇ,
ਏਦਾਂ ਦੁਨੀਆਂ ਤੇ ਪੈਂਦਾ ਹੈ ਦੁਪਹਿਰ ਨੂੰ ਹਨ੍ਹੇਰ।

ਜਿਹੜੇ ਤੋੜ ਗਏ ਮੁਹੱਬਤਾਂ, ਜਿਉਂਦੇ ਸਦਾ ਰਹਿਣ,
ਸਾਡੇ ਹੋਣਗੇ ਤਾਂ ਮੁੜ ਆਉਣੇ ਵੇਖ ਲਈਂ ਤੂੰ ਫੇਰ।

ਅਸੀਂ ਮਲ੍ਹਿਆਂ ਤੇ ਝਾੜੀਆਂ 'ਚ ਉਮਰ ਗੰਵਾਈ,
ਖ਼ੌਰੇ ਕਿਸ ਦੇ ਨਸੀਬੀਂ ਪੇਂਦੂ ਟੀਸੀ ਵਾਲੇ ਬੇਰ।

ਸੁਣ ਗ਼ਜ਼ਲਾਂ ਦੇ ਹਾਉਕੇ, ਸੁਣ ਅੱਖਰਾਂ ਦੀ ਪੀੜ,
ਐਵੇਂ ਕਾਲਜੇ 'ਚੋਂ ਨਿਕਲੇ ਨਾ ਹੂਕ ਕਦੇ ਲੇਰ।

*

ਗੁਲਨਾਰ- 111