ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ।
ਮਾਂ ਬਿਨ ਕੌਣ ਉਤਾਰੇ, ਮਨ ਤੋਂ ਭਾਰ ਮਿਰਾ।

ਨਿੱਕੇ ਘਰ ਨੂੰ ਵੇਖੋ, ਧਰਤ ਬਣਾ ਗਈ ਉਹ,
ਕੁਲ ਦੁਨੀਆਂ ਵਿਚ ਫ਼ੈਲ ਗਿਆ ਪਰਿਵਾਰ ਮਿਰਾ।

ਮੇਰੀ ਧਰਤੀ ਅੰਬਰ ਵੀ ਸੀ ਓਹੀ ਉਹ,
ਤਰ ਗਈ ਹੈ ਤਾਂ ਸੁੰਗੜਿਆ ਸੰਸਾਰ ਮਿਰਾ।

ਗੁਣੇ, ਗੁਲਗੁਲੇ ਤਲਦੀ ਸਦਾ ਵਿਸਾਖੀ ਨੂੰ,
ਮਾਂ ਦੇ ਮਗਰੋਂ ਬਦਲ ਗਿਆ ਅਧਿਕਾਰ ਮਿਰਾ।

ਸ਼ਾਮ ਪਈ ਘਰ ਜਦੋਂ ਕੁਵੇਲੇ ਮੁੜਦਾ ਸਾਂ,
ਸਦਾ ਝਿੜਕਕੇ ਮਾਂ ਕਰਦੀ ਸਤਿਕਾਰ ਮਿਰਾ।

ਉਸ ਦੇ ਪੈਰਾਂ ਹੇਠਾਂ ਜਿਹੜੀ ਜੰਨਤ ਸੀ,
ਮਹਿਕ ਰਿਹਾ ਉਸ ਕਰਕੇ ਹੀ ਘਰ ਬਾਰ ਮਿਰਾ।

ਮਾਂ ਦੇ ਹੁੰਦਿਆਂ, ਇੱਟ ਖੜਿੱਕਾ ਚੱਲਦਾ ਸੀ,
ਹੁਣ ਨਹੀਂ ਹੁੰਦਾ ਕਿਸੇ ਨਾਲ ਤਕਰਾਰ ਮਿਰਾ।

*

ਗੁਲਨਾਰ- 140