ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ।
ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ।

ਬੜੇ ਸਲੀਕੇ ਵਾਲੇ ਘਰ ਵਿਚ, ਚੌਵੀ ਘੰਟੇ ਰਹੀਏ ਡਰ ਵਿਚ,
ਖ਼ਬਰੇ ਕਦ ਵਾਧੂ ਹੋ ਜਾਈਏ, ਵਸਤਾਂ ਕੁਝ ਅਣਚਾਹੀਆਂ ਵਰਗੇ।

ਮਰ ਚੱਲੇ ਆਂ ਹਾਉਕੇ ਭਰਦੇ, ਅੰਬਰ ਕਾਲਾ ਸਾਡੇ ਕਰਕੇ,
ਹਿੱਕ ਵਿਚ ਦੱਬੀਆਂ ਚੀਕਾਂ ਜੀਕੂੰ, ਦਰਦਮੰਦਾਂ ਦੀਆਂ ਆਹੀਆਂ ਵਰਗੇ।

ਰੱਜਿਆਂ ਖਾਤਰ ਸਾਲਣ ਬਣੀਏਂ, ਪੰਜੀਂ ਸਾਲੀਂ ਬਾਲਣ ਬਣੀਏ,
ਭੱਠੀ ਤਪਦੀ ਰੱਖਣ ਖਾਤਰ, ਦਰਿਆ ਕੰਢੇ ਕਾਹੀਆਂ ਵਰਗੇ।

ਕੰਠ ਵਿਛੁੰਨੀਆਂ ਜੀਕੂੰ ਬੀਨਾਂ, ਅਣਖ਼ ਬਿਨਾ ਬੇਜਾਨ ਜ਼ਮੀਰਾਂ,
ਸੁਪਨੇ, ਖੇਤ, ਜ਼ਮੀਨਾਂ ਬੰਜਰ, ਵਾਹੀਆਂ ਤੇ ਅਣਵਾਹੀਆਂ ਵਰਗੇ।

ਕਿਹੜੇ ਗਿਣੀਏ ਘਾਟੇ, ਵਾਧੇ, ਸੇਰੂ, ਪਾਵੇ ਘੁਣ ਨੇ ਖਾਧੇ,
ਵਾਣ ਪੁਰਾਣਾ ਹੋਇਆ ਜਿਸਦਾ, ਉਸ ਮੰਜੇ ਦੀਆਂ ਬਾਹੀਆਂ ਵਰਗੇ।

ਰੱਖਣ ਸੋਚਾਂ ਫ਼ਰਜ਼ ਜਗਾਈ, ਗਿਆਨ ਦੀ ਡਾਢੀ ਸ਼ਾਮਤ ਆਈ,
ਆਉਂਦੇ ਜਾਂਦੇ ਸਾਹ ਵੀ ਜਾਪਣ, ਗਲ ਵਿਚ ਪਈਆਂ ਫਾਹੀਆਂ ਵਰਗੇ।

ਗ਼ਰਜ਼ਾਂ ਦੀ ਪਰਿਕਰਮਾ ਕਰੀਏ, ਨਾ ਹੀ ਜੀਵੀਏ, ਨਾ ਹੀ ਮਰੀਏ,
ਘਰ ਸਿਰਨਾਵੇਂ ਭੁੱਲ ਗਏ ਜੋ, ਰਾਹ ਵਿਚ ਗੁੰਮੇ ਰਾਹੀਆਂ ਵਰਗੀ।

ਸ਼ਾਸਤਰਾਂ ਦੇ ਸਿਰਜਣਹਾਰੇ, ਬਣ ਗਏ ਜਦ ਤੋਂ ਸ਼ਸਤਰਧਾਰੀ,
ਅਕਲ ਕੋਟ ਦੇ ਕਿਲ੍ਹੇਦਾਰ ਵੀ, ਰਹਿ ਗਏ ਸਿਰਫ਼ ਸਿਪਾਹੀਆਂ ਵਰਗੇ।

ਮੁੱਕ ਚੱਲੇ ਆਂ, ਮਰਦੇ ਮਰਦੇ, ਸਰਹੱਦਾਂ ਦੀ ਰਾਖੀ ਕਰਦੇ,
ਰਾਜ ਘਰਾਂ ਲਈ ਸਾਡੇ ਪੁੱਤਰ, ਬਣ ਗਏ ਸਿਰਫ਼ ਗਰਾਹੀਆਂ ਵਰਗੇ।

*

ਗੁਲਨਾਰ- 27