ਇਹ ਸਫ਼ਾ ਪ੍ਰਮਾਣਿਤ ਹੈ
ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ਤੇ ਸਵਾਰ।
ਜਿੰਦੇ, ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ।
ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ,
ਕਦੇ ਭੁੱਲ ਕੇ ਵੀ ਕਰੀਏ ਨਾ ਦਿਲ ਦਾ ਵਪਾਰ।
ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ,
ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿੱਚ ਨਾ ਉਧਾਰ।
ਤੇਰੀ ਯਾਦ ਕਾਹਦੀ ਆਈ, ਗੁੰਮੇ ਹੋਸ਼ ਤੇ ਹਵਾਸ,
ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ।
ਅੱਜ ਵਰ੍ਹਿਆਂ ਤੋਂ ਬਾਅਦ ਫਿਰ ਆਈ ਤੇਰੀ ਯਾਦ,
ਜਿਵੇਂ ਸ਼ਾਮੀਂ ਘਰ ਪਰਤੇ ਪਰਿੰਦਿਆਂ ਦੀ ਡਾਰ।
ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ,
ਕਦੇ ਛੱਡਦੇ ਨਾ ਪਿੱਛਾ, ਕੀਤੇ ਕੌਲ ਤੇ ਕਰਾਰ।
ਘੜੀ ਸਾਹਾਂ ਵਾਲੀ ਟਿਕ ਟਿਕ ਯਾਦ ਤੈਨੂੰ ਕਰੇ,
ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ।
*
ਗੁਲਨਾਰ- 31