ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ਼ਰ ਦੁਪਹਿਰੇ ਵਰਗਾ ਜੀਵਨ ਅਰਥ ਨਾ ਜਾਣੇ ਛਾਵਾਂ ਦੇ।
ਨੰਗ ਧੜੰਗੇ ਬਾਲ ਵਿਲਕਦੇ ਕੰਮੀਂ ਰੁੱਝੀਆਂ ਮਾਵਾਂ ਦੇ।

ਚਿੜੀਆਂ ਦੀ ਥਾਂ ਕਾਵਾਂ ਦੇ ਹੁਣ ਕਬਜ਼ੇ ਹੋ ਗਏ ਬਿਰਖ਼ਾਂ ਤੇ,
ਸਾਨੂੰ ਕਹਿੰਦੇ ਉੱਡ ਪੁੱਡ ਜਾਉ, ਖੰਭ ਕੁਤਰ ਕੇ ਚਾਵਾਂ ਦੇ।

ਮਰਿਆਦਾ ਦੇ ਰਾਖੇ ਇਹ ਕੀ ਸਬਕ ਪੜ੍ਹਾਉਂਦੇ ਨਦੀਆਂ ਨੂੰ,
ਥੈਲੀ ਬਦਲੇ ਵੇਚਣਗੇ ਇਹ, ਜਲ ਵਗਦੇ ਦਰਿਆਵਾਂ ਦੇ।

ਤੇਰੇ ਚਾਰ ਚੁਫ਼ੇਰੇ ਜੰਗਲ ਜਦ ਸੀ, ਜਾਨ ਸਲਾਮਤ ਸੀ,
ਕਹਿਰ ਗੁਜ਼ਰਦੇ ਵੇਖੀਂ ਹੁਣ ਤੂੰ ਤੇਜ਼ ਤਰਾਰ ਹਵਾਵਾਂ ਦੇ।

ਸਰਹੱਦਾਂ ਤੇ ਬਲਦੀ ਅੱਗ ਨੂੰ, ਹਥਿਆਰਾਂ ਨੇ ਕਦ ਡੱਕਿਆ,
ਨਫ਼ਰਤ ਦੀ ਅੱਗ ਠਾਰਨ ਵੀਰਾ, ਸੁੱਚੇ ਅੱਥਰੂ ਮਾਵਾਂ ਦੇ।

ਤੂੰ ਕਹਿਣਾ ਸੀ, ਪਾਟੇ ਧਰਤੀ, ਤੇ ਮੈਂ ਵਿੱਚ ਸਮਾ ਜਾਵਾਂ,
ਵੈਣ ਕਦੇ ਜੇ ਸੁਣ ਲੈਂਦਾ ਤੂੰ, ਦਿੱਲੀ ਵਿਚ ਵਿਧਵਾਵਾਂ ਦੇ।

ਤੂੰ ਤ੍ਰਿਸ਼ੂਲ ਘੁੰਮਾ ਕੇ ਸਮਝੇਂ, ਹੱਲ ਹੈ ਇਹ, ਹਰ ਮਸਲੇ ਦਾ
ਤੈਥੋਂ ਵੱਖਰਾ ਸੋਚ ਰਹੇ ਨੇ, ਲੋਕੀਂ ਸਗਲ ਦਿਸ਼ਾਵਾਂ ਦੇ।

*

ਗੁਲਨਾਰ- 44