ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਹਾਉਕੇ ਲੰਘਦੇ ਸਾਹਾਂ ਥਾਈਂ ਨਹੀਂ ਹੁੰਦੇ।
ਸਰਬ ਸਮੇਂ ਦੀ ਕੋਈ ਦਰਦ-ਕਹਾਣੀ ਨਹੀਂ ਹੁੰਦੇ।

ਤਪਦੀ ਲੋਹ ਤੇ ਤੜਫ਼ਣ ਜਲਕਣ, ਮਰ ਮੁੱਕ ਜਾਂਦੇ ਨੇ,
ਕਿਵੇਂ ਸੁਣਾਵਾਂ ਇਹ ਪਲ ਨਿਰੀ ਕਹਾਣੀ ਨਹੀਂ ਹੁੰਦੇ।

ਅੱਥਰੂ ਲਿਖਣ ਇਬਾਰਤ ਪੜ੍ਹ ਤੂੰ ਦਰ ਦੀਵਾਰਾਂ ਤੋਂ,
ਲੇਪ ਲਿਪਾਈ ਖਾਤਰ ਇਹ ਜੀ ਘਾਣੀ ਨਹੀਂ ਹੁੰਦੇ।

ਬੀਤ ਗਏ ਨੂੰ ਰੋਂਦੇ, ਸਿਰਫ਼ ਸੰਵਾਰਨ ਪਏ ਕੱਲ੍ਹ ਨੂੰ,
ਅੰਨ ਦੇ ਕੀੜੇ ਕਦੇ ਸਮੇਂ ਦੇ ਹਾਣੀ ਨਹੀਂ ਹੁੰਦੇ।

ਮਿੱਠੇ ਕੌੜੇ ਫੁੱਲ ਤੋਂ ਮੱਖੀਆਂ ਮਿੱਠਤ ਭਾਲਦੀਆਂ,
ਸ਼ਹਿਦ ਕਟੋਰੇ, ਕਦੇ ਵੀ ਖੰਡ ਦੀ ਚਾਹਣੀ ਨਹੀਂ ਹੁੰਦੇ।

ਕਾਲ ਮੁਕਤ ਨੇ, ਕਾਇਮ ਦਾਇਮ ਸ਼ਬਦ ਪੁਰਖ਼ਿਆਂ ਦੇ,
ਤੇਰੇ ਮੇਰੇ ਬੋਲ ਕਦੇ ਵੀ ਬਾਣੀ ਨਹੀਂ ਹੁੰਦੇ।

ਵਲੀ ਕੰਧਾਰੀ ਸੰਗਲੀ ਦੇ ਸੰਗ ਬੰਨਣਾ ਚਾਹੁੰਦੇ ਨੇ,
ਇਹ ਦਰਿਆ ਤਾਂ ਜ਼ਿੰਦਗੀ, ਕੱਲ੍ਹੇ ਪਾਣੀ ਨਹੀਂ ਹੁੰਦੇ।

ਸਿੱਧੇ ਸਾਦੇ ਸ਼ਬਦਾਂ ਵਿਚ ਮੈਂ ਬਾਤ ਸੁਣਾਉਂਦਾ ਹਾਂ,
ਸ਼ਿਅਰ ਮੇਰੇ ਏਸੇ ਲਈ, ਉਲਝੀ ਤਾਣੀ ਨਹੀਂ ਹੁੰਦੇ।

*

ਗੁਲਨਾਰ- 43