ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਕਤ, ਅਕਲਾਂ, ਵਕਤ ਇਕੱਠੇ ਨਹੀਂ ਬਹਿੰਦੇ।
ਤਿੰਨੇ ਰਲ ਕੇ ਇਕ ਸਿਰ ਅੰਦਰ ਨਹੀਂ ਰਹਿੰਦੇ।

ਬਚਪਨ ਵੇਲੇ ਖੇਡੀਆਂ ਖੇਡਾਂ ਭੁੱਲਦੀਆਂ ਨਹੀਂ,
ਜੇਬ 'ਚ ਪਾਏ ਜਾਮਣ ਦੇ ਰੰਗ ਨਹੀਂ ਲਹਿੰਦੇ।

ਖੁੱਲ੍ਹੀਆਂ, ਡੁੱਲ੍ਹੀਆਂ ਜੂਹਾਂ ਦੇ ਨੇ ਜਾਏ ਜੋ,
ਦੁੱਲੇ, ਬੁੱਲ੍ਹੇ, ਈਨ ਕਿਸੇ ਦੀ ਨਹੀਂ ਸਹਿੰਦੇ।

ਕਿੱਦਾਂ ਜਗਣਾ ਸੀ ਫਿਰ ਇਹ ਦੀਪ ਆਜ਼ਾਦੀ ਦਾ,
ਜੇ ਧਰਤੀ ਪੁੱਤ ਤਾਜ ਤਖ਼ਤ ਸੰਗ ਨਾ ਖਹਿੰਦੇ।

ਜੇ ਸਮਿਆਂ ਦੀ ਹਿੱਕ ਤੇ ਲਿਖਿਆ ਪੜ੍ਹਦੇ ਨਾ,
ਆਪਦੇ ਮੂੰਹੋਂ ਇਹ ਗੱਲ ਆਪਾਂ ਕਿਉਂ ਕਹਿੰਦੇ।

ਹੰਝੂਆਂ ਦੇ ਦਰਿਆਵਾਂ ਨੂੰ ਵੀ ਬੰਨ੍ਹ ਮਾਰੋ,
ਨਕਸ਼ੇ ਵਿੱਚ ਨਹੀਂ ਮਿਲਦੇ, ਇਹ ਜੋ ਨਿੱਤ ਵਹਿੰਦੇ।

ਅਪਣੇ ਘਰ ਦੀ ਪਾਟੋ ਧਾੜ ਨੇ ਮਾਰ ਲਿਆ,
ਇਕ ਸੁਰ ਹੁੰਦੇ, ਦੁਸ਼ਮਣ ਕੋਲੋਂ ਕਿਉਂ ਢਹਿੰਦੇ।

*

ਗੁਲਨਾਰ- 42