ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਛੀ ਉਡਾਣ ਭਰ ਕੇ ਸਾਗਰ ’ਚੋਂ ਜਾ ਰਿਹਾ ਹੈ।
ਏਸੇ ਤੋਂ ਸਮਝ ਜਾਉ, ਤੁਫ਼ਾਨ ਆ ਰਿਹਾ ਹੈ।

ਪੌਣਾਂ 'ਚ ਰੁਮਕੇ ਸਰਗਮ, ਸੁਣਦੀ ਹੈ ਰਾਗ ਕੁਦਰਤ,
ਸੂਰਤੀ ਨੂੰ ਸੁਰ 'ਚ ਕਰਕੇ, ਇਹ ਕੌਣ ਗਾ ਰਿਹਾ ਹੈ।

ਤਣਿਆਂ ਦੇ ਮੁੱਢ ਆਰੀ, ਫੇਰੇ ਬੇਕਿਰਕ ਹੋ ਕੇ,
ਇਹ ਕੌਣ ਜਾਨ ਸਾਡੀ ਵਖ਼ਤਾਂ 'ਚ ਪਾ ਰਿਹਾ ਹੈ।

ਤਲੀਆਂ ਤੇ ਸੀਸ ਧਰ ਕੇ, ਅੱਜ ਤੀਕ ਜੀਵੇ ਮਰ ਕੇ,
ਹੁਣ ਫਿਰ ਸ਼ਹੀਦ ਬਾਬਾ, ਮਕਤਲ ਨੂੰ ਜਾ ਰਿਹਾ ਹੈ।

ਸੂਰਜ ਦਾ ਤੇਜ਼ ਮੱਠਾ, ਪਰਿਵਾਰ ਹੈ ਚੁਫ਼ੇਰੇ,
ਤਾਹੀਂਉਂ ਦੁਪਹਿਰ ਵੇਲੇ, ਹੁਣ ਨੇਰ੍ਹ ਛਾ ਰਿਹਾ ਹੈ।

ਅੱਥਰੇ ਅਮੋੜ ਮਨ ਦਾ, ਹੈ ਬੇਲਗਾਮ ਘੋੜਾ,
ਮਸਤਕ ਦੀ ਚੁੱਪ ਕਾਰਨ, ਇਹ ਕਹਿਰ ਢਾ ਰਿਹਾ ਹੈ।

ਧਰਮਾਂ ਨੂੰ ਕਰਮ ਨਾਲੋਂ, ਤੋੜਨ ਮੁੱਲਾਣੇ ਪੰਡਿਤ,
ਭਾਈ ਵੀ ਬਲਦੀਆਂ ਤੇ, ਕਿਉਂ ਤੇਲ ਪਾ ਰਿਹਾ ਹੈ।

ਇਨਸਾਨ ਨਾਲ ਹਾਕਮ, ਕਰਦਾ ਮਜ਼ਾਕ ਕੈਸਾ,
ਰੁੱਖਾਂ ਗਵਾਂਢ ਵੇਖੋ, ਆਰੇ ਵੀ ਲਾ ਰਿਹਾ ਹੈ।

ਤਨ ਮਨ ਵਿਕਾਰ ਭਿੱਜੇ, ਕਾਮੀ, ਕਰੋਧੀ, ਲੋਭੀ,
ਹੰਕਾਰ ਮੋਹ ਦਾ ਕੀੜਾ, ਰੂਹਾਂ ਨੂੰ ਖਾ ਰਿਹਾ ਹੈ।

*

ਗੁਲਨਾਰ- 84