ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰ੍ਹਿਆਂ ਪਿੱਛੋਂ ਇੱਕ ਵੀ ਸੁਪਨਾ, ਹੋਇਆ ਜੇ ਸਾਕਾਰ ਨਹੀਂ ਹੈ।
ਸਮਝ ਲਵੋ ਕਿ ਲੋਕਾਂ ਪੱਲੇ, ਤਿੱਖੀ ਕਲਮ-ਕਾਰ ਨਹੀਂ ਹੈ।

ਮੇਰੀ ਪਿੱਠ ਦੇ ਪਿੱਛੇ ਪਿੱਛੇ, ਧੂੜ ਚੁਗਲੀਆਂ ਹੋਰ ਬੜਾ ਕੁਝ,
ਇਹ ਸਾਰਾ ਕੁਝ ਹੁੰਦਿਆਂ ਸੁੰਦਿਆਂ, ਮੱਠੀ ਹੁਣ ਰਫ਼ਤਾਰ ਨਹੀਂ ਹੈ।

ਆ ਬੈਠਾ ਏ ਭੇਸ ਬਦਲ ਕੇ, ਅੱਜ ਫਿਰ ਕਿੰਨੀਆਂ ਸਦੀਆਂ ਮਗਰੋਂ,
ਔਰੰਗਜ਼ੇਬ ਅਜੇ ਵੀ ਓਹੀ, ਤਾਹੀਉਂ ਸਾਡਾ ਯਾਰ ਨਹੀਂ ਹੈ।

ਆਪੋ ਅਪਣੇ ਕਿਲ੍ਹਿਆਂ ਖਾਤਰ, ਮਰ ਚੱਲੇ ਹੋ ਜੰਗਾਂ ਲੜਦੇ,
ਅਮਨ ਦੀ ਰਾਖੀ ਖਾਤਰ ਬਣਿਆ, ਅੱਜ ਤੱਕ ਕਿਉਂ ਹਥਿਆਰ ਨਹੀਂ ਹੈ।

ਸੰਗਤ ਦੇ ਵਿਚ ਪੰਗਤ ਲਾ ਕੇ, ਬਹਿ ਜਾਵੋ ਜੇ ਬਹਿਣਾ ਚਾਹੋ,
ਧਰਮਸਾਲ ਦਾ ਧਰਮ ਨਿਭਾਉ, ਇਹ ਸ਼ਾਹੀ ਦਰਬਾਰ ਨਹੀਂ ਹੈ।

ਉੱਚੀ ਥਾਂ ਤੇ ਬੈਠਿਆਂ ਨੂੰ ਮੈਂ, ਕਰਾਂ ਸਲਾਮਾਂ, ਨਾ-ਮੁਮਕਿਨ ਹੈ,
ਫ਼ਰਜ਼ ਨਿਭਾਵਾਂ ਪਿਤਾ ਪੁਰਖੀਆ, ਇਹ ਮੇਰਾ ਹੰਕਾਰ ਨਹੀਂ ਹੈ।

ਊਚ ਨੀਚ ਦੇ ਝਗੜੇ ਝੇੜੇ, ਵਧਦੇ ਜਾਂਦੇ ਕੌਣ ਨਿਬੇੜੇ,
ਬੇਗਮਪੁਰ ਦੇ ਨਕਸ਼ੇ ਵਾਲਾ, ਵੱਸਦਾ ਕਿਉਂ ਸੰਸਾਰ ਨਹੀਂ ਹੈ।

*

ਗੁਲਨਾਰ- 86