ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕੀਦਾ ਤੁਰਨ ਦਾ ਕਰੀਏ ਤੇ ਅੰਬਰ ਧਰਤ ਗਾਹ ਲਈਏ।
ਕਿ ਚੁੱਭੀ ਮਾਰ ਕੇ ਸਾਗਰ 'ਚ, ਇਸ ਦੇ ਤਲ ਦੀ ਥਾਹ ਲਈਏ।

ਹਮੇਸ਼ਾਂ ਰੀਝ ਦੀ ਖੱਡੀ, ਬੇਗਾਨਾ ਸੂਤ ਬੁਣਦੇ ਹਾਂ,
ਚਲੋ ਚਾਵਾਂ ਦੇ ਰੂੰ ਨੂੰ ਪਿੰਜ ਕੇ, ਚਰਖ਼ੀ ਹੀ ਡਾਹ ਲਈਏ।

ਅਸੀਂ ਇਤਿਹਾਸ ਦੇ ਵਰਕਾਂ ਤੋਂ, ਇੱਕ ਵੀ ਸਬਕ ਨਹੀਂ ਸਿੱਖਿਆ,
ਚਲੋ ਅਪਣੇ ਗਲਾਂ 'ਚੋਂ ਇਹ ਪੁਰਾਣਾ ਤੌਕ ਲਾਹ ਲਈਏ।

ਅਸਾਨੂੰ ਬੰਧਨਾਂ ਤੋਂ ਮੁਕਤ ਕਰ ਜੋ, ਦੂਰ ਤੁਰ ਗਏ ਨੇ,
ਸ਼ਹਾਦਤ ਦੇਣ ਵਾਲੇ ਪੁਰਖਿਆਂ ਦਾ ਭਾਰ ਲਾਹ ਲਈਏ।

ਕਦੇ ਵੀ ਧਾਰ ਖੰਡੇ ਦੀ ਤੇ ਤੁਰਦੇ ਅਟਕ ਨਾ ਜਾਣਾ,
ਮੁਕਾਈਏ ਸਫ਼ਰ ਪਹਿਲਾਂ, ਫੇਰ ਮਗਰੋਂ ਬਹਿ ਕੇ ਸਾਹ ਲਈਏ।

ਕਦੇ ਵੀ ਜਿਸਮ ਨੂੰ ਖੁਸ਼ਬੂ ਦੇ ਰਾਹ ਵਿਚ ਆਉਣ ਨਾ ਦੇਣਾ,
ਜਦੋਂ ਇੱਕ ਵਾਰ ਧੜਕਣ ਮੇਲ ਦੀ ਨੂੰ, ਦਿਲ ਤੋਂ ਚਾਹ ਲਈਏ।

ਅਸੀਂ ਅੱਜ ਤੀਕ ਇਸ ਮਿੱਟੀ ਦੀ ਖਸਲਤ ਖ਼ੁਦ ਨਹੀਂ ਸਮਝੀ,
ਚਲੋ ਦਾਨਿਸ਼ਵਰੀ ਦੀ ਧਰਤ ਨੂੰ ਖ਼ੁਦ ਆਪ ਵਾਹ ਲਈਏ।

ਗੁਲਨਾਰ- 96