ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦਿਨ ਅੰਬਰ ਕਾਲਾ ਹੋਇਆ, ਜਿਸ ਦਿਨ ਸਾਡਾ ਯਾਰ ਤੁਰ ਗਿਆ।
ਹਾਸੇ ਤੁਰ ਗਏ, ਮਹਿਫ਼ਲ ਛੱਡ ਕੇ, ਸਾਡੇ 'ਚੋਂ ਸਰਦਾਰ ਤੁਰ ਗਿਆ।

ਸੁਰ ਤੇ ਸ਼ਬਦ ਉਡੀਕ ਰਹੇ ਨੇ, ਆ ਜਾਵੇਗਾ ਰਾਤ-ਬ-ਰਾਤੇ,
ਮੁੜਿਆ ਹੀ ਨਹੀਂ ਸੁਪਨੇ ਵਾਂਗੂੰ, ਬਿਨ ਕੀਤੇ ਇਕਰਾਰ ਤੁਰ ਗਿਆ।

ਸ਼ਬਦ ਤੇਰੇ ਦਾ, ਤੇਰੇ ਮਗਰੋਂ, ਕੀਹ ਬਣਨਾ ਹੈ, ਨਹੀਂ ਸੋਚਿਆ,
ਗੱਠੜੀ ਬੰਨ੍ਹੀ, ਬਿਨ ਦੱਸੇ ਉਹ, ਲੈ ਕੇ ਰੂਹ ਤੇ ਭਾਰ ਤੁਰ ਗਿਆ।

ਖੰਡ ਬ੍ਰਹਿਮੰਡ ਵੀ ਫ਼ੋਲੇ ਸਾਰੇ, ਧਰਤੀ ਭਾਲੀ, ਅੰਬਰ ਗਾਹਿਆ,
ਸੂਰਜ ਕਿਰਨ ਮਿਲੀ ਤੇ ਮਿਲ ਕੇ, ਅਹੁ ਅੰਬਰ ਤੋਂ ਪਾਰ ਤੁਰ ਗਿਆ।

ਏਨਾ ਵੀ ਨਿਰਮੋਹਾ ਹੋਣਾ, ਪਤਾ ਨਹੀਂ ਉਸ ਕਿੱਥੋਂ ਸਿੱਖਿਆ,
ਰੂਹ ਦਾ ਜਾਣੀ ਜਾਣ ਪਿਆਰਾ, ਏਨਾ ਕਹਿਰ ਗੁਜ਼ਾਰ ਤੁਰ ਗਿਆ।

ਦਮ ਆਉਂਦਾ ਸੀ, ਜਦ ਤਾਂ ਵੇਖੋ, ਕਿੱਥੇ ਕਿੱਥੇ ਉੱਡਿਆ ਫਿਰਿਆ,
ਦਮ ਟੁੱਟਿਆ ਤਾਂ ਉਸਦੇ ਮਗਰੇ, ਜ਼ਿੰਦਗੀ ਦਾ ਇਤਬਾਰ ਤੁਰ ਗਿਆ।

ਮੀਸ਼ਾ, ਤਖ਼ਤ ਉਜਾੜ ਗਿਆ ਤੇ ਚੰਦ ਤੋਂ ਮਗਰੋਂ ਠਾਕੁਰ ਤੁਰਿਆ,
ਦੀਪਕ ਬੁਝਿਆ, ਮੁਰਸ਼ਦ ਤੁਰਿਆ, ਦਿਨ ਚੜ੍ਹਦੇ ਜਗਤਾਰ ਤੁਰ ਗਿਆ।

*

ਗੁਲਨਾਰ- 95