ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਦੋਵੇਂ ਜਣੇ ਆਪਣੇ ਕੁਦਰਤੀ ਹੱਕਾਂ ਤੋਂ ਵਾਂਜੇ ਨਾ ਰਹਿਣ । ਕਈ ਮਰਦ ਆਪਣੀਆਂ ਵਹੁਟੀਆਂ ਨੂੰ ਅਹਿੱਲ ਜਾਇਦਾਦ ਸਮਝਣ ਲੱਗ ਜਾਂਦੇ ਹਨ, ਏਸ ਖਿਆਲ ਦੀ ਨੀਂਹ ਨਿਰੋਲ ਖੁਦਗਰਜ਼ੀ ਹੁੰਦੀ ਹੈ। ਓਹ ਹੱਕ ਜੋ ਈਸ਼੍ਵਰੀ ਭੰਡਾਰ ਵਿੱਚੋਂ ਹਰੇਕ ਇਨਸਾਨ ਨੂੰ ਮਿਲੇ ਹਨ, ਏਹ ਆਗਯਾ ਕਦੇ ਨਹੀਂ ਦੇਂਦੇ ਕਿ ਇਕ ਆਦਮੀ ਕਿਸੇ ਦੀ ਬਿਲਕੁਲ ਹੀ ਗੋਲੀ ਬਣ ਜਾਵੇ । ਜੋ ਮਰਦ ਪੜੇ ਲਿਖੇ ਤੇ ਸਿਆਣੇ ਹੁੰਦੇ ਹਨ ਓਹ ਆਪਣੀਆਂ ਤੀਵੀਆਂ ਦੇ ਓਹਨਾਂ ਹੱਕਾਂ ਉੱਤੇ ਬਿਲਕੁਲ ਹਮਲਾ ਨਹੀਂ ਕਰਦੇ ਜੋ ਓਹਨਾਂ ਨੂੰ ਕੁਦਰਤ ਵੱਲੋਂ ਮਿਲੇ ਹੋਏ ਹਨ । ਵਾਹਿਗੁਰੂ ਨੇ ਸੰਤਾਨ ਉਤਪੰਨ ਕਰਨ ਦੀ ਸ਼ਕਤੀ ਕੇਵਲ ਮਰਦ ਨੂੰ ਹੀ ਨਹੀਂ ਦਿਤੀ ਸਗੋਂ ਪੁਰਸ਼ ਤੇ ਇਸਤ੍ਰੀ ਦੋਵੇਂ ਇਕੋ ਜਿੰਨੇ ਏਸ ਅਪੂਰਵ ਤਾਕਤ ਦੇ ਮਾਲਕ ਬਣਾਏ ਗਏ ਹਨ।

ਵਿਆਹ ਤੋਂ ਬਾਦ ਸੁਖ ਨਾਲ ਜੀਵਨ ਬਿਤਾਉਣ ਵਾਸਤੇ ਅਤਯੰਤ ਜਰੂਰੀ ਹੈ ਕਿ ਵੇਹਲੇ ਰਹਿਣ ਦੀ ਵਾਦੀ ਬਿਲਕੁਲ ਤਿਆਗ ਦਿਤੀ ਜਾਵੇ ਅਤੇ ਸਰੀਰਕ ਤੇ ਦਿਮਾਗੀ ਮੇਹਨਤ ਤੋਂ ਕਦੇ ਵੀ ਸੰਕੋਚ ਨਾ ਕੀਤਾ ਜਾਵੇ, ਕਿਉਂਕਿ ਘਰਾਂ ਦੇ ਸੁਖ ਤੇ ਅਰਾਮ ਦਾ ਸ਼ੀਸ਼ਾ ਸੁਸਤੀ ਤੇ ਬੇਕਾਰੀ ਦੇ ਪੱਥਰ ਨਾਲ ਟਕਰਾ ਕੇ ਚੂਰ ਚੂਰ ਹੋ ਜਾਂਦਾ ਹੈ । ਵੇਹਲੇ ਆਦਮੀ ਦਾ ਜੀਵਨ ,ਇਕ ਅਜੇਹੇ ਜਹਾਜ ਵਰਗਾ ਹੈ ਜਿਸ ਵਿਚ ਨਾਂ ਤਾਂ ਕੋਈ ਸਮਿਆਨ ਹੈ ਤੇ ਨਾ ਹੀ ਏਸ ਗਲ ਦਾ ਪਤਾ ਹੈ ਕਿ ਏਸ ਜਹਾਜ਼ ਨੇ ਪਹੁੰਚਣਾ ਕਿਥੇ ਹੈ ? ਸੋ ਲਾਜ਼ਮੀ ਹੈ ਕਿ ਓਹ ਜਹਾਜ਼ ਸਮੁੰਦਰ ਦੀਆਂ ਲਹਿਰਾਂ ਦੇ ਥਪੇੜੇ ਖਾਂ ਕੇ ਤਬਾਹ ਤੇ ਗਰਕ ਹੋ ਜਾਵੇ। ਵਾਹਿਗੁਰੂ ਨੇ ਮੇਹਨਤ, ਘਾਲ ਤੇ ਰਿਜਕ

-੪੩-