ਪੰਨਾ:ਚਾਰੇ ਕੂਟਾਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨ ਵਾਂਗ ਚਕੋਰ ਦੇ ਪਿਆ ਲੱਭੇ,
ਜਦੋਂ ਵਣਾਂ ਦੇ ਵਿਚ ਮੈਂ ਲੁੱਕਦਾ ਹਾਂ।

ਮੇਰੇ ਰੂਪ ਤੇ ਲਾਲੀਆਂ ਚਾੜ੍ਹਦੀ ਏ,
ਲਾਲੀ ਲਾਲੀਆਂ ਭਰੀ ਪਰਭਾਤ ਵਾਲੀ।
ਮੇਰੇ ਹਾਸਿਆਂ ਵਿਚ ਸਮਾ ਰਹੀ ਏ,
ਖੁਸ਼ੀ ਹਾਸਿਆਂ ਭਰੀ ਕਾਇਨਾਤ ਵਾਲੀ।
ਸ਼ਰਮ ਬਣ ਕੇ 'ਅਖਾਂ' 'ਚ ਘੁਲ ਰਹੀ ਏ,
ਸ਼ਰਮ ਹੋ ਕੱਠੀ ਆਦਮਜ਼ਾਤ ਵਾਲੀ।
ਵਸਦੀ ਜਾ ਰਹੀ ਏ ਦਿਲ ਵਿਚ ਹਿਤ ਬਣ ਕੇ,
ਹਾਲਤ ਬਦਲਦੇ ਹੋਏ ਹਾਲਾਤ ਵਾਲੀ।

ਬੈਂਕਾਂ, ਮਿਲਾਂ, ਅਟਾਰੀਆਂ, ਝੁਗੀਆਂ ਵਿਚ,
ਦੀਵੇ ਮੇਰੇ ਜਗਾਇਆਂ ਹੀ ਜਗਦੇ ਨੇ।
ਆਡਾਂ, ਨਦੀਆਂ, ਨਾਲਿਆਂ, ਸਾਗਰਾਂ ਵਿਚ,
ਵਹਿਣ ਮੇਰੇ ਹੀ ਜ਼ੋਰ ਦੇ ਵਗਦੇ ਨੇ।

ਕਰਾਮਾਤ ਨੇ ਉਂਗਲਾਂ ਮੇਰੀਆਂ ਇਹ,
ਮਕਰ ਮੈਂ ਨਹੀਂ ਜਾਣਦਾ ਟੂਣਿਆਂ ਦਾ।
ਮੁੱਠੀ ਅੰਨ ਦੀ ਵਾਰ ਕੇ ਬੰਜਰਾਂ ਤੋਂ,
ਮੂੰਹ ਤੂਸਦਾ ਹਾਂ ਮੱਟਾਂ ਊਣਿਆਂ ਦਾ।
ਮੇਰੀ ਸਾਦਗੀ ਵੇਖ ਕੇ ਸ਼ਾਹ ਹੋਰੀਂ,
ਲਾਹ ਕਢਦੇ ਨੇ ਡਿਓਢੇ ਦੂਣਿਆਂ ਦਾ।
ਤਾਨਾਂ ਵਾਲਿਆਂ ਦੇ ਮੂੰਹ ਵਿਚ ਭਰੇ ਪਾਣੀ,
ਮਾਹੀਆ ਸੁਣ ਕੇ ਮੇਰੇ ਚਮੂਣਿਆਂ ਦਾ।

‘ਹਾਸ਼ਮ’, ‘ਬੁਲ੍ਹੇ’ ਤੇ ‘ਵਾਰਸ’ ਨੇ ਫੜ ਕਾਨੀ,
ਮੈਨੂੰ ਪਿਆਰ ਲਈ ਪੂਰਨੇ ਪਾ ਦਿੱਤੇ।

- ੩੪ -