ਪੰਨਾ:ਚਾਰੇ ਕੂਟਾਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨੀ ਵਟੀ ਜਾਏਗੀ ਇਸ ਪ੍ਰੀਤ ਦੁਕਾਨੇ,
ਆਪਣੇ ਤੋਂ ਨਾ ਵੇਖਣੇ ਮੈਂ ਚਲਦੇ ਭਾਲੇ।

ਸੁਣ ਕੇ ਇਸ ਫੁਰਮਾਨ ਨੂੰ ਸਭ ਝੜ ਗਏ ਕੱਚੇ।
ਹੌਕੇ ਧੜਕਣ ਮੁਕ ਗਏ, ਟੁਟ ਗਈ ਜਵਾਨੀ।
ਨਿਕਲੇ ਦੋ ਬਦਹਾਲ ਜਿਹੇ ਜੋ ਦਿਲ ਦੇ ਸੱਚੇ,
ਇਕ ਸ਼ਾਇਰ ਇਕ ਮਜ਼ਦੂਰ ਸੀ ਤਕ ਹੋਈ ਹੈਰਾਨੀ।
ਬੋਲਿਆ ਸ਼ਾਇਰ ਗਭਰੂ ਰੰਗ ਆਪਣੇ ਰੱਤਾ,
ਮੈਂ ਧੁੰਮਾਂ ਪਾ ਦਊਂ ਤੇਰੀਆਂ ਸਭ ਜਗ ਦੇ ਉੱਤੇ।
ਫੁਲ ਪਤੀਆਂ ਦਾ ਪਾ ਦਉਂ ਗਲ ਲੀੜਾ ਲੱਤਾ,
ਅਰਸ਼ੀ ਪੀਂਘ ਝੂਟਾ ਦਊਂ ਤੇਰੇ ਜਜ਼ਬੇ ਸੱਤੇ।
ਪੰਛੀ ਪੈਲਾਂ ਪੌਣਗੇ ਤੇਰੇ ਵਿਹੜੇ ਅੰਦਰ,
ਜ਼ੁਲਫਾਂ ਦੀ ਛਾਂ ਹੇਠ ਤਿਤਲੀਆਂ ਜੁਗਨੂੰ ਚਮਕਣ।
ਸੋਨੇ ਵਿਚ ਬਣਾ ਲਊਂ ਤੇਰੇ ਪਿਆਰ ਦਾ ਮੰਦਰ,
ਚੰਦ ਤੇ ਸੂਰਜ ਅਖੀਆਂ ਵਿਚ ਹਰਦਮ ਦਮਕਣ।
ਪਤਝੜ ਤੇਰੇ ਬਾਗ਼ ਤੇ ਨ ਫੇਰਾ ਪਾਉਣਾ,
ਬਾਰਾਂਮਾਹ ਹੀ ਕਰ ਦਿਆਂ ਤੇਰੀ ਰੁਤ ਬਸੰਤੀ।
ਪੈਰੀਂ ਤੇਰੇ ਪਾ ਦਿਆਂ ਗੁਲਜ਼ਾਰੀ ਪੌਣਾਂ,
ਜਗ ਰਹਿੰਦੇ ਤਕ ਕਹਿਣਗੇ ਤੇਨੂੰ ਦਮਯੰਤੀ।
ਬਦਲਾਂ ਦੀਆਂ ਅਟਾਰੀਆਂ ਵਿਚ ਲਾ ਦਊ ਬਾਰੀ,
ਜਿਗਰ ਫ਼ੁਲਾਂ ਦੇ ਖਾਣ ਨੂੰ, ਲਹਿਰਾਂ ਤੇ ਪਾ ਦਾਂ।
ਰਿਸ਼ਮਾਂ ਤੇਰੇ ਸੌਣ ਨੂੰ ਬਿਜਲੀ ਦੀ ਸਵਾਰੀ,
ਤੇਰੇ ਤੋਂ ਮੈਂ ਸੋਹਣੀਏ ਰਬ ਨੂੰ ਲਲਚਾਂਦਾ।

ਐਸੀ ਕਲਮ ਨਾਲ ਮੈਂ ਜੰਨਤ ਉਪਜਾਵਾਂ,
ਸਵਰਗੀ ਹੂਰਾਂ ਮੰਨ ਲੈਣ ਸਰਦਾਰੀ ਤੇਰੀ।

- ੪੨ -