ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨਾਂ ਦੀ ਕਵਿਤਾ ਤੇ ਬੜਾ ਅਸਰ ਹੈ।

ਇਹ ਪਹਿਲੋਂ ਇਕ ਕਵੀ ਸਨ, ਤੇ ਵਾਰਤਕ ਲਿਖਣੀ ਇਹਨਾਂ ਦਾ ਦੂਜੇ ਥਾਂ ਦਾ ਕੰਮ ਸੀ। ਪਰ ਇਹਨਾਂ ਦੀ ਕਵਿਤਾ ਤੇ ਵਾਰਤਕ ਦੋਵੇਂ ਇੰਨੀਆਂ ਰਲਦੀਆਂ ਹਨ, ਕਿ ਕੋਈ ਵੀ ਪਛਾਣ ਸਕਦਾ ਹੈ। ਕਿ ਇਹ ਇਕੋ ਆਦਮੀ ਦੀ ਕਿਰਤ ਹਨ। ਇਹਨਾਂ ਦੀ ਲਿਖਤ ਵਿਚ ਜਜ਼ਬੇ ਦਾ ਵਹਿਣ ਇਕ ਝੱਖੜ ਵਾਂਗ ਹੁੰਦਾ ਹੈ -ਤੇ ਜਾਪਦਾ ਹੈ ਕਿ ਲਫ਼ਜ਼ ਪਿਛਾਂਹ ਰਹਿ ਜਾਂਦੇ ਹਨ, ਤੇ ਜਜ਼ਬਾ ਅਗਾਂਹ। ਜੇ ਏਸ ਜਜ਼ਬੇ ਦੀ ਛੁਹ ਤੋਂ ਬਚ ਕੇ ਇਹਨਾਂ ਨੂੰ ਪੜ੍ਹਿਆ ਜਾਏ, ਤਾਂ ਲਿਖਤ ਵਿਚ ਉਣਤਾਈਆਂ ਦਿਸਣ ਲਗ ਪੈਂਦੀਆਂ ਹਨ ਪਰ ਇਹਨਾਂ ਦੀ ਵਾਰਤਕ ਵਿਚ ਇਕ ਸਜਰਾਪਨ, ਰਹਸਵਾਦੀ ਧੁੰਦਲੇਪਨ ਵਿਚ ਵੀ ਕਈ ਥਾਈਂ ਨਿਗਰਤਾ ਤੇ ਧਰਤ ਦੀ ਛੁਹ ਦੀ ਝਲਕ, ਲੈ, ਤੇ ਖ਼ਿਆਲ-ਚਿਤ੍ਰਾਂ ਦੀ ਅਮੀਰੀ ਹਨ। ਮਨੁਖੀ ਜਜ਼ਬਿਆਂ ਨੂੰ ਵਾਰਤਕ ਵਿਚ ਬਿਆਨ ਕਰਨ ਲਈ ਇਹਨਾਂ ਸਾਡੀ ਬੋਲੀ ਨੂੰ ਕਾਫ਼ੀ ਅਮੀਰ ਬਣਾਇਆ ਹੈ।

'ਖੁਲ੍ਹੇ ਲੇਖ' ਇਹਨਾਂ ਦੀ ਵਾਰਤਕ ਵਿਚ ਪ੍ਰਸਿਧ ਰਚਨਾ ਹੈ।

੨੬੪