ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਏ, ਮੇਰੇ ਔਗੁਣਾਂ ਨੂੰ ਕੌਣ ਪਿਆਰਦਾ ਹੈ? ਇਹ ਚਾਹ ਕਿਸੀ ਅੰਦਰਲੀ, ਸਰੀਰ ਤੇ ਮਨ ਦੇ ਪਿਛੋਕੜੋਂ ਉਠਦੀ ਹੈ। ਕੁੱਤਾ ਹੱਥੀਂ ਪਾਲਿਆ ਹੋਯਾ, ਜੇ ਮੈਂ ਚੋਰੀ ਕਰਕੇ ਆਇਆ ਹੋਵਾਂ ਯਾ ਕੋਈ ਹੋਰ ਯਾਰੀ, ਹਰਾਮਖੋਰੀ ਦਾ ਪਾਪ ਕਰਕੇ ਆਇਆ ਹੋਵਾਂ, ਤਾਂ ਵੀ ਆਪਣੀ ਪਾਈ ਮਿਤ੍ਰਤਾ ਵਿਚ ਕਿਸੇ ਵੱਟ ਨਹੀਂ ਪੈਣ ਦਿੰਦਾ। ਸੋ ਜਿਸ ਤਰਾਂ ਦਾ ਸੱਚਾ ਮਿਤ੍ਰ ਯਾ ਚੰਗੇ ਹੈਵਾਨ ਜੂਨੀ ਵਿਚੋਂ ਸਾਨੂੰ ਮਿਲੇ ਜਿਹਦੀ ਸੁਰਿਤ ਵਿੱਚ ਸਾਡੇ ਪੁਨਯ ਪਾਪ ਦਾ ਗਿਆਨ ਹੀ ਨਹੀਂ, ਯਾ ਸਾਡੇ ਥੀਂ ਉੱਚੀ ਦਿੱਬ ਲੋਕਾਂ ਦੀ ਦੁਨੀਆਂ ਵਿਚ ਕੋਈ ਮਿਹਰ ਵਾਲਾ, ਬਖਸ਼ਸ਼ਾਂ ਵਾਲਾ ਸਾਡਾ ਸਾਈਂ ਹੋਵੇ, ਜਿਹੜੇ ਸਾਡੇ ਪਾਪ ਪੰਨਾਂ ਥੀਂ ਉਸੀ ਤਰਾਂ ਉਚਾ ਹੋ ਗਿਆ ਹੈ, ਜਿਸ ਤਰਾਂ ਅਸੀਂ ਆਪਣੇ ਆਪ ਨੂੰ ਮਨੁਖ ਕਹਿਣ ਵਾਲੇ ਮਖੀਆਂ, ਪਿਸੂਆਂ, ਕੁਤਿਆਂ, ਬਿਲਿਆਂ ਦੇ ਪਾਪ ਪੁੰਨ ਥੀਂ ਉੱਪਰ ਹੋ ਚੁਕੇ ਹਾਂ ਜਿਸ ਤਰ੍ਹਾਂ ਸਾਡਾ ਜਵਾਬ ਕੁਤੇ ਨੂੰ ਸਿਰਫ਼ ਉਹਦੇ ਵਾਲਾਂ ਤੇ ਹਥ ਫੇਰਨਾ ਹੈ ਤੇ ਜਦ ਅਸੀਂ ਕੁਤੇ ਨਾਲ ਪਿਆਰ ਕਰ ਰਹੇ ਹਾਂ, ਸਾਨੂੰ ਸਿਵਾਏ ਓਹਦੇ ਪਿਆਰ ਤੇ ਹੋਰ ਕੁਛ ਚੇਤੇ ਹੀ ਨਹੀਂ ਆਉਂਦਾ, ਇਉਂ ਹੀ ਉਚ ਜੀਵਨ ਦੇ ਲੋਕ ਜਦ ਸਾਡੀ ਗੁਨਾਹਗਾਰਾਂ ਦੀ, ਮੈਲਿਆਂ ਦੀ, ਗੰਦਿਆਂ ਮੰਦਿਆਂ ਦੀ; ਮਿਤ੍ਰਤਾ ਕਰਨ ਦੀ ਅਰਦਾਸ ਨੂੰ ਸੁਣਦੇ ਹਨ ਜਾਂ ਸਾਡੀ ਮਿਤ੍ਰਤਾ ਦੀ ਟੋਲ ਨੂੰ ਆਣ ਮਿਲਦੇ ਹਨ, ਓਹ ਸਿਵਾਏ, ਪਿਆਰ ਤੇ ਬਖ਼ਸ਼ਸ਼ ਦੇ ਹੋਰ ਕੋਈ ਪ੍ਰਸ਼ਨ ਸਾਡੇ ਉਪਰ ਕਰ ਹੀ ਨਹੀਂ ਸਕਦੇ। "ਜਾਹ ਜਨਾਨੀਏ! ਮੁੜ ਫਿਰ ਪਾਪ ਨਾ ਕਰੀਂ।" ਉਹਨਾਂ ਦੀ ਅਮਰ ਮਿਤ੍ਰਤਾ ਤੇ ਬਖਸ਼ਸ਼ ਦੀ ਨਿਗਾਹ ਦੇ ਪੈਣ ਦੀ ਦੇਰ ਹੈ, ਕਿ ਅਸੀਂ ਆਲੀਸ਼ਾਨ ਕਿਸੀ ਰੂਹਾਨੀ ਮਿਤ੍ਰਤਾ

੭੪