ਪੰਨਾ:ਚੰਦ੍ਰਕਾਂਤਾ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

ਕਮਲਨੀ ਦੋਹਾਂ ਦਾ ਧਰਮ ਨਸ਼ਟ ਕੀਤਾ ਹੈ, ਇਸ ਵਿਚ ਕਮਲਨੀ ਵਿਚਾਰੀ ਦਾ ਕੋਈ ਦੋਸ਼ ਨਹੀਂ ਹੈ, ਪਰ ਫੇਰ ਭੀ ਕਮਲਨੀ ਨੂੰ ਅੱਜ ਦਾ ਸਾਮਾਨ ਵੇਖ ਕੇ ਸਮਝ ਜਾਣਾ ਚਾਹੀਦਾ ਸੀ, ਇਹ ਭੀ ਬੜੇ ਅਚੰਭੇ ਦੀ ਗੱਲ ਹੈ ਕਿ ਘਰ ਆਉਣ ਵੇਲੇ ਮੈਨੂੰ ਕਿਸੇ ਨੇ ਦੀ ਨਹੀਂ ਟੋਕਿਆ, ਤਾਂ ਕੀ ਘਰ ਆਉਣ ਦੇ ਪਿਛੋਂ ਮੇਰੀ ਸੂਰਤ ਬਦਲੀ ਗਈ ? ਇਹ ਕਿਸਤਰਾਂ ਹੋ ਸਕਦਾ ਹੈ ? ਏਹੋ ਜੇਹੀਆਂ ਗੱਲਾਂ ਸੋਚਦਾ ੨ ਇੰਦਰਜੀਤ ਸਿੰਘ ਕਮਲਨੀ ਦੇ ਮੂੰਹ ਵੱਲ ਵੇਖਣ ਲੱਗ ਪਿਆ, ਕਮਲਨੀ ਨੇ ਸ਼ੀਸ਼ਾ ਹਥੋਂ ਰੱਖ ਕੇ ਕਿਹਾ –ਹੁਣ ਦਸੋ ਕਿ ਆਪ ਕੌਣ ਹੋ ? ਇਸ ਦੇ ਉੱਤਰ ਵਿਚ ਇੰਦਰਜੀਤ ਸਿੰਘ ਨੇ ਕਿਹਾ:-ਹੱਛਾ ਹੁਣ ਮੈਂ ਭੀ ਆਪਣਾ ਮੂੰਹ ਧੋਂਦਾ ਹਾਂ।

ਇਹ ਕਹਿ ਕੇ ਕੁਮਾਰ ਨੇ ਆਪਣਾ ਮੂੰਹ ਧੋਤਾ ਅਰ ਰੁਮਾਲ ਨਾਲ ਪੂੰਝਣ ਦੇ ਪਿਛੋਂ ਕਿਹਾ ਕਿ ਹੁਣ ਦੱਸ ਮੈਂ ਕੌਣ ਹਾਂ ? ਕਮਲਨੀ-ਘਬਰਾ ਕੇ) ਹੈਂ ! ਇਹ ਕੀ ਹੋਇਆ ? ਆਪ ਤਾਂ ਸੱਚ ਮੁਚ ਵਡੇ ਕੁਮਾਰ ਹੋ | ਪਰ ਤੁਸਾਂ ਮੇਰੇ ਨਾਲ ਤਾਂ ਅਜੇਹਾ ਕਿਉਂ ਕੀਤਾ ? ਤੁਹਾਨੂੰ ਕੁਛ ਧਰਮ ਦਾ ਵਿਚਾਰ ਨਾ ਹੋਇਆ ? ਹੁਣ ਦਸੋ ਮੈਂ ਕਿਸ ਯੋਗ ਰਹੀ, ਹੁਣ ਮੈਂ ਲੋਕਾਂ ਕਿਸਤਰਾਂ ਮੂੰਹ ਵਿਖਾਵਾਂਗੀ ?

ਇੰਦਰਜੀਤ-ਜਿਸ ਨੇ ਇਹ ਕੰਮ ਕੀਤਾ ਹੈ। ਬੇਸ਼ੱਕ ਮਾਰੇ ਜਾਣ ਦੇ ਯੋਗ ਕੰਮ ਕੀਤਾ ਹੈ, ਮੈਂ ਓਸ ਨੂੰ ਕਦੇ ਜੀਊਂਦਾ ਨਹੀਂ ਛੱਡਾਂਗਾ ਕਿਉਂਕਿ ਅਜਿਹਾ ਹੋਣ ਨਾਲ ਮੇਰਾ ਧਰਮ ਨਸ਼ਟ ਹੋਇਆ ਹੈ ਅਰ ਮੈਂ ਇਹ ਕਲੰਕ ਕਦੇ ਨਹੀਂ ਸਹਾਰ ਸਕਦਾ, ਪਰ ਇਹ ਦੱਸ ਕਿ ਅੱਜ ਦਾ ਸਾਮਾਨ ਵੇਖ ਕੇ ਤੇਰੇ ਮਨ ਵਿਚ ਕੁਛ ਸੰਦੇਹ ਨਾ ਹੋਇਆ।