ਪੰਨਾ:ਚੰਦ-ਕਿਨਾਰੇ.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਵਿਤਾ ਮਨ ਦੀ ਅਵਸਥਾ ਦਾ ਇਕ ਪ੍ਰਕਾਸ਼ ਹੁੰਦੀ ਹੈ। ਇਉਂ ਕਾਗ਼ਜ਼ ਤੇ ਛਪੀ ਹੋਈ ਕਵਿਤਾ ਨੂੰ ਕਿਹਾ ਜਾ ਸਕਦਾ ਹੈ। ਪਰ ਉਹ ਕਵਿਤਾ ਜੋ ਕਵੀ ਦੀ ਜੀਵ-ਆਤਮਾ ਬਣਦੀ ਹੈ ਉਹ ਆਪਣੇ ਆਪ ਉਸ ਦੇ ਮਨ ਨੂੰ ਵਿਸ਼ਾਲ ਕਰਦੀ ਤੇ ਸਮੇਂ ਦੇ ਬੀਤਣ ਨਾਲ ਉਸ ਨੂੰ ਵਧੇਰ ਚਾਨਣ-ਭਰਪੂਰ ਕਰਦੀ ਜਾਂਦੀ ਹੈ। ਇਉਂ ਉਸ ਕਵੀ ਦੀ, ਕਾਵਿ-ਮਨ ਨਾਲ ਜੀਵਨ ਦੇ ਹਰ ਦੁਖ ਸੁਖ ਅਤੇ ਕੁਦਰਤ ਦੇ ਹਰ ਤਮਾਸ਼ੇ ਨੂੰ ਮਾਨਣ ਦੀ ਸ਼ਕਤੀ ਆਪਣੇ ਆਪ ਨਿਖਰਦੀ ਜਾਂਦੀ ਹੈ। ਗ਼ਲਤ ਮੰਜ਼ਲ ਤੇ ਪਹੁੰਚਿਆਂ ਜੇ ਪ੍ਰਸੰਸਾ ਮਿਲ ਜਾਏ ਤਾਂ ਕਈ ਇਸ ਰਾਹ ਦੇ ਮੁਸਾਫਰ ਉਸੇ ਮੰਜ਼ਲ ਤੇ ਮਹਿਲ ਉਸਾਰ ਬਹਿੰਦੇ ਹਨ। ਪੰਜਾਬੀ ਸੰਸਾਰ ਵਿਚ ਅਜਿਹੇ ਕਵੀਆਂ ਦੀਆਂ ਮੂੰਹ ਬੋਲਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਖ਼ਲਕਤ ਦੀ ਵਾਹ ਵਾਹ ਨੇ ਇਕ ਖ਼ਾਸ ਮੌਕੇ ਤੇ ਆਪਣੀਆਂ ਜ਼ੰਜੀਰਾਂ ਨਾਲ ਕਾਬੂ ਕਰ ਦਿਤਾ। ਇਸ ਕਾਵਿ ਸੰਚੀ ਦਾ ਕਰਤਾ ਰਾਜਾ ਰਾਮ ਸਾਕੀ ਕਿਸੇ ਗ਼ਲਤ ਫਹਿਮੀ ਦਾ ਸ਼ਿਕਾਰ ਪ੍ਰਤੀਤ ਨਹੀਂ ਹੁੰਦਾ। ਉਹ ਆਪਣੇ ਅੰਦਰ ਪ੍ਰਵੇਸ਼ ਕਰਦੇ ਮਹਾਨ-ਕਾਵਯ ਉਤੇ ਅਟਲ ਵਿਸ਼ਵਾਸ ਰਖਦਾ ਹੈ। ਅਜੇ ਤਕ ਉਹ ਚੰਗੀ ਕਵਿਤਾ ਲਿਖ ਸਕਣ ਦੀ ਗੁੰਜਾਇਸ਼ ਰਖਦਾ ਹੈ; ਕਿਸੇ ਭੁਲੇਖੇ ਵਿਚ ਪੈਣਾ ਪਸੰਦ ਨਹੀਂ ਕਰਦਾ। ਇਸ ਕਾਵਿ ਸੰਚੀ ਵਿਚ ਮੇਰੀ ਰਾਏ ਵਿਚ ਉਸ ਨੇ ਕੁਝ ਕਾਮਯਾਬ ਕਵਿਤਾਵਾਂ ਅੰਕਿਤ ਕੀਤੀਆਂ ਹਨ ਪਰ ਫਿਰ ਵੀ ਉਹ ਲਿਖਦਾ ਹੈ--

ਹਾਲੇ ਮੇਰੀ ਕਵਿਤਾ ਨਿਆਣੀ
ਸੂਖ਼ਮ ਸੂਖ਼ਮ ਇਸਦੇ ਅੰਗ
ਨਿੱਕੇ ਨਿੱਕੇ ਨੂਰੀ ਫੰਘ