ਪੰਨਾ:ਚੰਦ ਤਾਰੇ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਕਹਿਣ ਹੈ, ਆਵਸਾਂ ਭੀੜ ਵੇਲੇ,
ਮੈਂ ਬਨਸਾਂਗਾ ਦਾਰੂ ਹਰ ਇਕ ਭੀੜ ਵੇਲੇ।
ਤੂੰ ਕਿਉਂ ਆਪਣੇ ਇਕਰਾਰ ਭੁਲੇਂ ਭੁਲਾਵੇਂ,
ਤੂੰ ਕਿਉਂ ਆਪਣੇ ਵਾਹਦੇ ਨਾ ਪੂਰੇ ਨਿਭਾਵੇਂ।
ਪਵੇ ਭਸ ਜਪਸੀਂ ਇਹ ਮੂੰਹ ਜ਼ੋਰੀਆਂ ਨੇ,
ਇਹ ਗੱਲਾਂ ਤੇ ਖਰੀਆਂ ਨ ਭਰ ਕੋਰੀਆਂ ਨੇ।
ਜਾਂ ਤਾਂ ਤੂੰ ਰੁਸਿਆ ਜਾਂ ਪਿਆ ਝਕ ਤੈਨੂੰ,
ਜਾਂ ਸਾਡੇ ਤੇ ਹੋਇਆ ਕੋਈ ਸ਼ੱਕ ਤੈਨੂੰ।
ਜਾਂ ਤੂੰ ਇਹਨਾਂ ਪੀੜਾਂ ਨੂੰ ਪੀੜਾਂ ਨਾ ਸਮਝੇਂ,
ਜਾਂ ਤੂੰ ਇਹਨਾਂ ਭੀੜਾਂ ਨੂੰ ਭੀੜਾਂ ਨਾ ਸਮਝੇਂ।
ਜੋ ਕੁਝ ਵੀ ਤੂੰ ਸਮਝੇਂ, ਜੋ ਕੁਝ ਵੀ ਤੂੰ ਜਾਣੇਂ,
ਤੇਰੀ ਮੌਜ ਮੰਨਦੇ ਹਾਂ ਸਭ ਤੇਰੇ ਭਾਣੇ।
ਰਾਜ਼ੀ ਹਾਂ ਤੇਰੀ ਰਜ਼ਾ ਤੇ ਹੀ ਸਾਈਆਂ,
ਤੂੰ ਕਿਧਰੇ ਨੇ ਸਾਈਆਂ ਤੇ ਕਿਧਰੇ ਵਧਾਈਆਂ।
ਤੂੰ ਆਪਣੇ ਮੰਨਣ ਵਾਲਿਆਂ ਨੂੰ ਮਨਾ ਲੈ,
ਤੂੰ ਸੁਣ ਸਾਡੀਆਂ ਵੀ ਤੇ ਆਪਣੀ ਸੁਣਾ ਲੈ।
ਤੂੰ ਮੰਨ ਹਾੜਾ 'ਹਿੰਦੀ' ਦਾ ਕਰ ਮਿਹਰਬਾਨੀ,
ਇਹ ਉਲਝੀ ਹੋਈ ਆ ਕੇ ਸੁਲਝਾ ਦੇ ਤਾਨੀ।
ਤੇਰੇ ਬਾਝ ਦਸ ਦੇ ਖਾਂ ਕਿਸ ਨੂੰ ਧਿਆਈਏ,
ਕਿਸ ਨੂੰ ਚੀਰ ਕੇ ਦਿਲ ਦੀ ਹਾਲਤ ਵਿਖਾਈਏ,
ਤੇ ਕਿਧਰ ਨੂੰ ਜਾਈਏ, ਕੀ ਰੱਬ ਜੀ ਬਣਾਈਏ।

-੯੧-