ਪੰਨਾ:ਚੰਦ ਤਾਰੇ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬੱਚਾ

ਬੱਚੇ ਖਿਡੌਣੇ ਖੰਡ ਦੇ, ਖੰਦ ਖੰਦ ਦੀਆਂ ਮੂਰਤਾਂ।
ਭੋਲੀਆਂ ਤੇ ਸਾਵੀਆਂ, ਮਨਮੋਹਣੀਆਂ ਨੇ ਸੂਰਤਾਂ।

ਲਾਡਲੇ ਮਾਵਾਂ ਦੇ ਹਨ, ਚਾਵਾਂ ਦੇ ਗੁਝੇ ਪੂਰ ਹਨ।
ਕਾਲਜੇ ਦੀ ਠੰਢ ਹਨ, ਅੱਖਾਂ ਦੇ ਸੁਖ ਹਨ, ਨੂਰ ਹਨ।

ਕੁਦਰਤ ਦੇ ਚਿਤਰਕਾਰ ਦੀ,ਇਹ ਲੇਖਣੀ ਦੇ ਚਿਤਰ ਹਨ।
ਭੋਲੇਪਨ ਦੇ ਪਰਦਿਆਂ ਤੇ ਮੋਰ ਹਨ, ਇਹ ਤਿੱਤਰ ਹਨ।

ਇਹ ਸੱਧਰਾਂ ਦੇ ਬਾਗ਼ ਹਨ, ਆਸਾਂ ਮੁਰਾਦਾਂ ਦੇ ਚਮਨ।
ਇਹ ਪ੍ਰੇਮ ਦਾ ਭੰਡਾਰ ਹਨ, ਆਪੇ ਆਪੇ ਵਿਚ ਮਗਨ।

ਮੋਤੀ ਨਿਰੇ ਅਣਵਿਧ ਨੇ, ਕਲੀਆਂ ਨੇ ਮੀਟੇ ਬੁਲ ਨੇ।
ਕੇਸਰ ਕਿਆਰੀ ਜਗਤ ਵਿਚ, ਇਹ ਖੁਰਮਾਂ ਦੇ ਫੁਲ ਨੇ।

ਮਹਾਂ ਕਵੀ ਈਸ਼੍ਵਰ ਦੀ,ਇਹ ਕਵਿਤਾ ਰਚੀ ਹੋਈ ਪਿਆਰ ਦੀ।
ਅੰਬਰਾਂ ਕੋਲੋਂ ਘਨੀ ਹੈ, ਉਚੀ ਉਡਾਰੀ ਮਾਰਦੀ।

ਸ਼ਾਇਰੋ ਉਠੋ ਪੜ੍ਹੋ, ਇਹ ਸ਼ੇਅਰ ਹਨ ਮੂੰਹ ਬੋਲਦੇ।
ਛੰਦਾਂ ’ਚ ਰਸ ਦੇ ਜਾਲ ਦੇ, ਅਲੰਕਾਰ ਦੇ ਪਟ ਖੋਲ੍ਹਦੇ।

ਅੰਮ੍ਰਿਤਾਂ ਦੇ ਸੋਮੇ 'ਹਿੰਦੀ', ਸਚਖੰਡੋਂ ਇਹ ਆਏ ਨੇ।
ਤ੍ਰੇਹ ਬੁਝਾਵਨ ਹਾਰ ਨੇ, ਮਾਪੇ ਬੜੇ ਤ੍ਰਿਹਾਏ ਨੇ।

-੯੪-