ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨ )

ਵਹੁਟੀ ਬੋਲੀ - "ਇਹ ਪਤਾ ਨਹੀਂ ਕੀ ਵਰਤੇਗਾ? ਪਰ ਸੁਫ਼ਨਾ ਮੈਨੂੰ ਜ਼ਰੂਰ ਆਇਆ ਹੈ ਜਿਸ ਵਿਚ ਮੈਂ ਵੇਖਿਆ ਹੈ ਕਿ ਜਦ ਤੁਸੀਂ ਮੇਲੇ ਤੋਂ ਵਾਪਸ ਆਏ ਤੇ ਸਿਰੋਂ ਪੱਗ ਲਾਹੀ ਤਾਂ ਤੁਸਾਡੇ ਵਾਲ ਸਾਰੇ ਬੱਗੇ ਹਨ।"

ਰਘਬੀਰ ਸਿੰਘ ਫੇਰ ਹਸਿਆ - "ਇਹ ਤਾਂ ਚੰਗਾ ਸ਼ਗਨ ਹੈ। ਮੈਂ ਮੇਲੇ ਤੇ ਆਪਣਾ ਮਾਲ ਵੇਚਕੇ ਤੇਰੇ ਵਾਸਤੇ ਬਥੇਰੀਆਂ ਸੁੰਦਰ ਵਸਤੂਆਂ ਲਿਆਵਾਂਗਾ।"

ਟੱਬਰ ਤੋਂ ਵਿਦਾ ਹੋ ਉਸਨੇ ਗਡੇ ਅੱਗੇ ਬੈਲ ਜੋਤ ਲਏ, ਤੇ ਸਫ਼ਰ ਸ਼ੁਰੂ ਕਰ ਦਿਤਾ॥

ਜਦ ਉਹ ਹਾਫਜ਼ਾਬਾਦ ਪਹੁੰਚਿਆ ਤਾਂ ਉਸਨੂੰ ਅਪਣਾ ਜਾਂਣੂੰ ਇਕ ਹੋਰ ਸੌਦਾਗਰ ਮਿਲਿਆ, ਤੇ ਉਹ ਰਾਤ ਦੋਨੋਂ ਕਠੇ ਸਰਾਂ ਵਿਚ ਰਹੇ। ਉਨ੍ਹਾਂ ਨੂੰ ਚਾਹ ਪਾਣੀ ਬਣਵਾਕੇ ਪੀਤਾ, ਤੇ ਨਾਲ ਰਲਦੀਆਂ ਕੋਠੀਆਂ ਵਿੱਚ ਜਾਕੇ ਸੌਂ ਗਏ।

ਰਘਬੀਰ ਸਿੰਘ ਨੂੰ ਤੜਕੇ ਸਾਰ ਤੁਰਨ ਦੀ ਤਾਂਘ ਸੀ, ਏਸ ਲਈ ਉਹ ਛੇਤੀ ਸੌਂ ਗਿਆ। ਪਹੁ ਫੁਟਨ ਤੋਂ ਪਹਿਲਾਂ ਉਸਨੇ ਸਰਾਂ ਵਾਲੇ ਨੂੰ ਜਗਾਇਆ, ਅਤੇ ਆਪਣੀ ਕੋਠੜੀ ਦੇ ਕਿਰਾਏ ਦੇ ਪੈਸੇ ਉਸ ਨੂੰ ਦੇਕੇ ਅਗੇ ਨੂੰ ਟੁਰ ਪਿਆ।

ਜਦ ਉਹ ਸਾਂਗਲੇ ਅਪੜਿਆ ਤਾਂ ਉਥੇ ਸਾਹ ਲੈਣ ਨੂੰ ਠਹਿਰ ਗਿਆ ਤੇ ਇੱਕ ਸਰਾਂ ਵਿੱਚ ਜਾਕੇ ਡੇਰਾ ਲਾਇਆ, ਨੌਕਰ ਨੂੰ ਉਸਨੇ ਗਰਮ ਚਾਹ ਤਿਆਰ ਕਰਨ ਲਈ ਹੁਕਮ ਦਿੱਤਾ ਤੇ ਆਪ ਹੱਥ ਮੂੰਹ ਧੋਕੇ ਸਤਾਰ ਫੜਕੇ ਬਜਾਣ ਲਗ ਪਿਆ।