ਪੰਨਾ:ਚੰਬੇ ਦੀਆਂ ਕਲੀਆਂ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫੯ )

ਮਾਫ਼ ਕਰ ਦਿਤਾ ਹੈ। ਮੈਂ ਤਿੰਨ ਵਾਰ ਇਸ ਲਈ ਹਸਿਆ ਕਿ ਰਬ ਨੇ ਮੈਨੂੰ ਤਿੰਨਾਂ ਸਵਾਲਾਂ ਦੇ ਜਵਾਬ ਸਿਖਣ ਲਈ ਭੇਜਿਆ ਸੀ ਤੇ ਮੈਨੂੰ ਉਹ ਪਤਾ ਲਗ ਗਏ ਹਨ। ਪਹਿਲੇ ਦਾ ਪਤਾ ਉਸ ਵਕਤ ਲਗਾ ਜਦ ਬਿਸ਼ਨੀ ਨੇ ਮੈਨੂੰ ਰੋਟੀ ਦਿਤੀ, ਦੂਜੇ ਦਾ ਪਤਾ ਤਦ ਲਗਾ ਜਦ ਸਾਹਿਬ ਬਹਾਦਰ ਸਾਡੀ ਝੌਂਪੜੀ ਵਿਚ ਆਇਆ ਤੇ ਤੀਜੇ ਦਾ ਅਜ ਪਤਾ ਲਗ ਗਿਆ ਹੈ।'

ਸੰਤੂ:-"ਉਹ ਸਵਾਲ ਕੀ ਹਨ ਤੇ ਤੈਨੂੰ ਸਜ਼ਾ ਕਿਉਂ ਮਿਲੀ?"

ਹਰੀਦੂਤ:-"ਮੈਨੂੰ ਸਜ਼ਾ ਇਸ ਲਈ ਮਿਲੀ ਕਿ ਮੈਂ ਅਕਾਲ ਪੁਰਖ ਦੀ ਹੁਕਮ ਅਦੂਲੀ ਕੀਤੀ। ਮੈਂ ਕਰਤਾਰ ਦਾ ਦੂਤ ਹਾਂ, ਮੈਨੂੰ ਇਕ ਜ਼ਨਾਨੀ ਦੀ ਜਾਨ ਲੈਣ ਵਾਸਤੇ ਜ਼ਮੀਨ ਤੇ ਭੇਜਿਆ ਗਿਆ। ਮੈਂ ਧਰਤੀ ਤੇ ਪਹੁੰਚਕੇ ਦੇਖਿਆ, ਉਹ ਜ਼ਨਾਨੀ ਬੀਮਾਰ ਤੇ ਕੱਲੀ ਪਈ ਹੈ, ਤੇ ਉਸ ਦੇ ਪਾਸ ਦੋ ਸਜਰੀਆਂ ਜੌੜੀਆਂ ਕੁੜੀਆਂ ਹੌਲੇ ਹੌਲੇ ਹਥ ਪੈਰ ਮਾਰਦੀਆਂ ਸਨ ਪਰ ਮਾਂ ਪਾਸ ਇਤਨੀ ਤਾਕਤ ਨਹੀਂ ਸੀ ਜੋ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾਕੇ ਦੁਧ ਚੁੰਘਾਵੇ। ਮੈਨੂੰ ਦੇਖ ਕੇ ਉਹ ਸਮਝ ਗਈ ਕਿ ਅੰਤ ਵੇਲਾ ਆ ਗਿਆ ਹੈ ਤੇ ਹਥ ਜੋੜਕੇ ਰੋ ਰੋ ਆਖਿਉਸੁ:-"ਹੇ ਕਰਤਾਰ ਦੇ ਦੂਤ, ਮੇਰਾ ਘਰ ਵਾਲਾ ਪਰਸੋਂ ਮਰਿਆ ਸੀ, ਮੇਰੀ ਨਾ ਕੋਈ ਮਾਂ ਨਾ ਭੈਣ, ਨਾ ਚਾਚੀ ਨਾ ਤਾਈ, ਨਾ ਨਿਨਾਣ, ਨਾ ਭਰਜਾਈ, ਇਹਨਾਂ ਬਚੀਆਂ ਨੂੰ ਕੌਣ ਪਾਲੇਗਾ। ਮੈਨੂੰ ਅਜ ਨਾ ਮਾਰ। ਮਰਨ ਤੋਂ ਪਹਿਲਾਂ ਮੈਨੂੰ ਆਗਿਆ ਦੇਹ ਜੋ ਇਹਨਾਂ ਬੱਚੀਆਂ ਨੂੰ ਦੁਧ ਪਿਆਕੇ ਤੁਰਨ ਫਿਰਨ ਜੋਗਾ ਕਰ ਦਿਆਂ। ਮਾਂ ਬਾਪ ਤੋਂ