ਸਮੱਗਰੀ 'ਤੇ ਜਾਓ

ਪੰਨਾ:ਜਦੋਂ ਕਹਾਣੀਕਾਰ ਖੜੋਤ ਵਿਚ ਹੁੰਦਾ ਹੈ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੇ ਕਿ ਇਸ ਦਰੱਖਤ ਨੂੰ ਕੋਈ ਫ਼ਲ ਨਹੀਂ ਲੱਗਣਾ ਇਹਨੂੰ ਤੂੰ ਜੜੋ੍ਹਾ ਪੁੱਟ ਸੁੱਟ। ਮੇਰੀਆਂ ਮੁੱਢਲੀਆਂ ਕਹਾਣੀਆਂ ਵਧੇਰੇ ਕਰਕੇ ਨਾਰੀ ਪੀੜ੍ਹਾ ਅਤੇ ਆਰਥਿਕ ਮਸਲਿਆਂ ਖਾਸ ਕਰਕੇ ਪ੍ਰਗਤੀਵਾਦੀ ਸੁਰ ਵਾਲੀਆਂ ਵਰਗ ਸੰਘਰਸ਼ ਦੁਆਲੇ ਕੇਂਦਰਤ ਰਹੀਆਂ।

ਫਿਰ ਜਦੋਂ ਪ੍ਰੇਮ ਪ੍ਰਕਾਸ਼ ਨੇ 'ਲਕੀਰ' ਮੁੜ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਹ ਕਾਮ ਸੰਬੰਧਾਂ ਵਾਲੀਆਂ ਕਹਾਣੀਆਂ ਨੂੰ ਬੜੇ ਚਾਅ ਨਾਲ ਛਾਪਦਾ ਹੈ। ਅਤੇ ਔਰਤ ਮਰਦ ਦੀਆਂ ਮਾਨਸਿਕ ਗੁੰਝਲਾ ਵਾਲੀਆਂ ਕਹਾਣੀਆਂ ਵੀ ਪਹਿਲ ਦੇ ਅਧਾਰ ਤੇ ਛਾਪਦਾ ਹੈ। ਮੇਰੇ ਮਨ ਵਿਚ ਜਿਹੜੇ ਇਸ ਕਿਸਮ ਦੇ ਬੀਜ਼ ਸਨ ਉਹ ਕਰਵਟ ਲੈਣ ਲੱਗੇ। ਉਨ੍ਹਾਂ ਦੀ ਕਦਰ ਪੈਣ ਲੱਗੀ ਤੇ ਮੈਂ ਉਨ੍ਹਾਂ ਘਟਨਾਵਾਂ ਦੇ ਬੀਜ਼ਾਂ ਦੁਆਲੇ ਕਹਾਣੀ ਦੀ ਬੁਣਤੀ ਬੁਣਨ ਲੱਗਾ। ਮੈਂ ਕਹਿਣਾ ਚਾਹੁੰਦਾ ਹਾਂ ਸਮਾਂ ਤੇ ਹਾਲਾਤ ਕਿਵੇਂ ਤੁਹਾਡੀ ਸੋਚ ਤੇ ਸਿਰਜਣਾ ਨੂੰ ਪ੍ਰਭਾਵਤ ਕਰਦੇ ਹਨ। ਮੈਂ ਔਰਤ ਮਰਦ ਦੇ ਸੰਬੰਧਾਂ ਤੇ ਉਨ੍ਹਾਂ ਦੀਆਂ ਮਾਨਸਿਕ ਗੁੰਝਲਾ ਨੂੰ ਅਧਾਰ ਬਣਾ ਕੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ। ਇਹ ਕਹਾਣੀਆਂ 'ਮੈਂ ਸ਼ੈਤਾਨ ਤੇ ਇੰਦੂਮਣੀ' ਤੇ 'ਤੀਜਾ ਨੇਤਰ' ਕਹਾਣੀ ਸੰਗ੍ਰਹਿ ਵਿਚ ਹਨ। 'ਇਨ੍ਹਾਂ ਵਿਚੋਂ 'ਕੀੜਾ','ਸ਼ੈਤਾਨ' ਵਰਦੀਆਂ ਕਹਾਣੀਆਂ ਵੇਖੀਆਂ ਜਾ ਸਕਦੀਆਂ ਹਨ ਇਨ੍ਹਾਂ ਕਹਾਣੀਆਂ ਨੇ ਮੈਨੂੰ ਬਤੌਰ ਕਹਾਣੀਕਾਰ ਦੇ ਤੌਰ ਤੇ ਮਾਨਤਾ ਵੀ ਦਵਾਈ। ਆਲੋ ਚਨਾ ਵੀ ਨਾਲ ਨਾਲ ਚਲਦੀ ਰਹੀ। ਮੈਂ ਸਹਿਜ ਗਤੀ ਨਾਲ ਤੁਰਦਾ ਰਿਹਾ।

ਜਦੋਂ ਪੰਜਾਬੀ ਸਾਹਿਤ ਵਿਚ ਦਲਿਤ ਸਾਹਿਤ ਦੀ ਹਲਚਲ ਹੋਣ ਲੱਗੀ ਤਾਂ ਕੁਝ ਮੈਗਜ਼ੀਨਾਂ ਦੇ ਸੰਪਾਦਕਾਂ ਨੇ ਇਸ ਕਿਸਮ ਦਾ ਸਾਹਿਤ ਛਾਪਣਾ ਸ਼ੁਰੂ ਕਰ ਦਿੱਤਾ। ਫਿਰ ਮੇਰੇ ਜ਼ਿਹਨ ਵਿਚ ਉਹ ਬਚਪਨ ਦੇ ਬੀਜ਼ ਅੰਗੜਾਈ ਲੈਣ ਲੱਗ ਪਏ। ਜਿਹੜੇ ਸਾਇਦ ਸਮੇਂ ਤੇ ਹਾਲਤ ਦੀ ਉਡੀਕ ਕਰ ਰਹੇ ਸਨ। ਮੈਂ ਉਨ੍ਹਾਂ ਬੀਜ਼ਾਂ ਨੂੰ ਆਪਣੇ ਮਨ ਮਸਤਕ ਦੀ ਧਰਤੀ ਵਿਚ ਬੀਜਣ ਲੱਗਾ। ਉਨ੍ਹਾਂ ਨੂੰ ਆਪਣੀ ਸਮਾਜਿਕ, ਇਤਿਹਾਸਕ ਤੇ ਬੌਧਿਕ ਸਮਝ ਦਾ ਪਾਣੀ ਦੇਣ ਲੱਗਾ। ਮੇਰੇ ਜ਼ਿਹਨ ਵਿਚ ਦਲਿਤ ਪਾਤਰਾਂ ਦੀਆਂ ਕਹਾਣੀਆਂ ਬਣ ਕੇ ਨਿਕਲਣ ਲੱਗੀਆਂ। ਬੜੀ ਹੈਰਾਨੀ ਹੋਈ ਕਿ ਇਹ ਬੀਜ਼ ਮੇਰੇ ਜ਼ਿਹਨ ਵਿਚ ਪਹਿਲਾਂ ਕਿਉਂ ਨਹੀਂ ਫੁੱਟੇ, ਪਹਿਲਾਂ ਕਿਉਂ ਨਹੀਂ ਇਨ੍ਹਾਂ ਨੂੰ ਅਨਕੂਲ ਸਪੇਸ ਮਿਲੀ। ਤਾਂ ਇਨ੍ਹਾਂ ਪ੍ਰਮਾਣਿਕ ਅਨੁਭਵ, ਅਛੂਤੇ ਦਿ੍ਸ਼ਾਂ ਅਤੇ ਦੁਰਲੱਭ ਪਾਤਰਾਂ ਦੇ ਬੀਜ਼ਾਂ ਵਿਚੋਂ 'ਰਹਿਮਤ ਮਸੀਹ ਮੱਟੂ ਦੀ ਜੀਵਨੀ', 'ਜੜ੍ਹਾਂ', 'ਆਦੀ ਡੰਕਾ', 'ਸੁੱਕੀਆਂ ਕੁੰਨਾ', 'ਧੂੜ' ਵਰਗੀਆਂ ਕਹਾਣੀਆਂ ਨਿਕਲੀਆਂ। ਜਿਨ੍ਹਾਂ ਨੇ ਮੇਰੀ ਪਛਾਣ ਕਹਾਣੀਕਾਰ ਦੇ ਤੌਰ ਤੇ ਗੂੜੀ੍ਹ ਕੀਤੀ।ਮੈਂ ਇਹ ਗੱ ਲ ਦਾਅਵੇ ਨਾਲ ਕਹਿੰਦਾ ਹਾਂ ਇਹੋ ਜਿਹੀਆਂ ਕਹਾਣੀਆਂ ਪੰਜਾਬੀ ਵਿਚ ਪਹਿਲਾਂ ਨਹੀਂ ਲਿਖੀਆਂ ਗਈਆਂ। ਇਹ ਮੈਂ ਹੀ ਲਿਖ ਸਕਦਾ ਸੀ। ਇਹਨੂੰ ਨਾ ਪ੍ਰੇਮ ਗੋਰਖੀ, ਨਾ ਅਤਰਜੀਤ ਨਾ ਕੋਈ ਹੋਰ ਲਿਖ ਸਕਦਾ ਸੀ।

ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਮਨ ਵਿਚਲੇ ਵਿਚਾਰਾਂ ਤੇ ਘਟਨਾਵਾਂ ਦੇ ਬੀਜ਼ ਸਮੇਂ ਤੇ ਹਾਲਾਤ ਨਾਲ ਬਾਹਰ ਆਉਂਦੇ ਹਨ। ਇਹ ਕਹਾਣੀਕਾਰ ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਬੀਜ਼ ਰੂਪੀ ਘਟਨਾਵਾਂ ਤੇ ਵਿਚਾਰਾਂ ਨੂੰ ਜਾਨਦਾਰ ਰੁੱਖ ਬਣਾਉਣਾ ਹੈ ਜਾਂ ਪੋਲੀਓ ਪੀੜਤ ਰੁੱਖ ਬਣਾਉਣਾ ਹੈ। ਲੇਖਕ ਅੰਦਰ ਵਿਚਾਰਾਂ ਦੀ ਸ਼ਕਤੀ,ਉਹਦੀ ਸਮਾਜਿਕ ਸਮਝ, ਉਹਦੀ ਦਰਸ਼ਨ ਤੇ ਪਕੜ, ਉਹਦੀ ਫ਼ਿਲਸਾਫੀ ਤੇ ਪਕੜ ਅਤੇ ਇਤਿਹਾਸ ਤੇ ਪਕੜ ਇਹ ਸਾਰੀਆਂ ਗੱਲਾਂ ਤੇ ਸੂਤਰ ਵੱਡੀ ਰਚਨਾ ਬਣਨ ਦੇ ਕੰਮ ਆਉਂਦੇ ਹਨ।

ਮੈਨੂੰ 16 ਸਾਲ ਤੋਂ ਵੱਧ ਸਮਾਂ ਕਹਾਣੀ ਲਿਖਦਿਆਂ ਹੋ ਗਏ ਹਨ। ਮਨ ਵਿਚ ਬਹੁਤ ਸਾਰੇ ਬੀਜ਼ ਹਨ ਜਿਹੜੇ ਕਹਾਣੀ ਰੂਪੀ ਰੁੱਖ ਬਣਨ ਦੀ ਸਮਰੱਥਾ ਰੱਖਦੇ ਹਨ। ਹਰ ਲੇਖਕ ਦੇ ਮਨ ਵਿਚ ਇਹ ਗੱਲ ਹੁੰਦੀ ਹੈ ਕਿ ਜਿਹੜਾ ਕਹਾਣੀ ਰੂਪੀ ਰੁੱਖ ਸਾਹਿਤ ਦੇ ਵਿਹੜੇ ਲਗਾਇਆ ਹੈ ਘੱਟੋ ਘੱਟ ਨਵੀਂ ਰਚਨਾ ਉਸ ਰੁੱ ਖ ਦੇ ਅਕਾਰ ਦੀ ਤਾਂ ਹੋਵੇ। ਜਦੋਂ ਲੇਖਕ ਸਮਝਣ ਲੱਗ ਪੈਂਦਾ ਹੈ ਕਿ ਇਨ੍ਹਾਂ ਬੀਜ਼ਾ ਤੋਂ ਛੋਟੇ ਰੁੱਖਾਂ ਦੀ ਸਿਰਜਣਾ ਹੋਣੀ ਹੈ ਤਾਂ ਉਨ੍ਹਾਂ ਨੂੰ ਕੁੱਖ ਵਿਚ ਕਤਲ ਕਰਨਾ ਹੀ ਬਿਹਤਰ ਹੁੰਦਾ ਹੈ। ਸੋ ਕਹਾਣੀਕਾਰ ਵਿਚ ਇਸ ਸਮੇਂ ਜਦੋਂ ਖੜੋਤ ਆਉਂਦੀ ਹੈ ਤਾਂ ਉਹ ਸੋਚਣ ਲੱਗ ਪੈਂਦਾ ਹੈ ਕਿ ਰਚਨਾ ਦਾ ਅਗਲਾ ਰੁੱਖ ਪਹਿਲੇ ਰੁੱਖ ਨਾਲੋਂ ਵੱਡਾ ਹੋਵੇ। ਪਰ ਕਈ ਕਹਾਣੀਕਾਰਾਂ ਨੂੰ ਨਾਵਲਕਾਰਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ। ਉਹ ਸਾਹਿਤ ਦੇ ਵਿਹੜੇ ਵਿਚ ਨਿੱਕੇ ਮੋਟੇ, ਬਿਮਾਰੀਆਂ ਲੱਗੇ, ਸੋਕੜਾ ਖਾਧੇ ਰੁੱਖ ਲਗਾਈ ਜਾਂਦੇ ਹਨ। ਫਿਰ ਜੋ ਹਾਲ ਉਨ੍ਹਾਂ ਰੁੱਖਾਂ ਦਾ ਹੁੰਦਾ ਹੈ ਸਬ ਦੇ ਸਾਹਮਣੇ ਹੈ।