ਪੰਨਾ:ਜਲ ਤਰੰਗ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਦ ਏ ਮੈਨੂੰ ਤੇਰਾ ਉਹ ਵੇਖਣਾ,
ਉਹਲੇ ਹੋ ਹੋ ਤਾਕੀਆਂ ਦੇ ਝਾਕਣਾ,
ਸਾਹਮਣੇ ਝੁਕ ਝੁਕ ਕੇ ਆਉਣਾ, ਭੱਜਣਾ,
ਪਾਣੀ ਫੜ ਕੇ ਦੂਰੋਂ ਦੂਰੋਂ ਸੈਨਤਾਂ,
ਸੈਨਤਾਂ ਤੋਂ ਤੇਰੀਆਂ, ਮੈਂ ਦੂਰ ਹਾਂ,
ਆਉਣ ਤੋਂ ਪਰ ਮੈਂ ਅਜੇ ਮਜਬੂਰ ਹਾਂ!

ਸਾਥੀਆਂ ਨੇ ਛੇੜ ਰਖਿਆ ਘੋਲ ਨੀ,
ਰਾਤ ਦਿਨ ਰਹੇ ਖ਼ੂਨ ਅਪਣਾ ਡੋਲ੍ਹ ਨੀ,
ਜ਼ਿੰਦਗੀ ਨੇ ਮੌਲਣਾ ਅਜ ਭਲਕ,
ਚਾਟੀਆਂ ਵਿਚ ਦੁਧ ਪੈਣਾ ਛਲਕ ਨੀ,
ਨਾਲ ਆਸਾਂ ਦੇ ਸਦਾ ਭਰਪੂਰ ਹਾਂ!
ਆਉਣ ਤੋਂ ਪਰ ਮੈਂ ਅਜੇ ਮਜਬੂਰ ਹਾਂ!

ਆਣ ਕੇ ਜਲਦੀ ਮਿਲਾਂਗਾ ਗੋਰੀਏ!
ਜੇਲ੍ਹ ਦੀ ਦੀਵਾਰ ਪਹਿਲਾਂ ਤੋੜੀਏ!
ਤੋੜਦਾ ਜੇ ਮਰ ਵੀ ਮੈਂ ਕਿਧਰੇ ਗਿਆ,
ਤੈਨੂੰ ਮੇਰੀ ਸਹੁੰ, ਨ ਰੋਵੀਂ, ਵਾਸਤਾ!
ਜੀਉਣ ਖ਼ਾਤਰ ਮਰ ਰਿਹਾ ਮਜ਼ਦੂਰ ਹਾਂ!
ਆਉਣ ਤੋਂ ਪਰ ਮੈਂ ਅਜੇ ਮਜ਼ਦੂਰ ਹਾਂ!

-ਪ੨-