ਪੰਨਾ:ਜ਼ਿੰਦਗੀ ਦੇ ਰਾਹ ਤੇ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਹੇ ਦਿਮਾਗ਼ ਵਿਚ ਬੜੀਆਂ ਪੁਛਾਂ ਨੇ ਜਿਨ੍ਹਾਂ ਦੇ ਜਵਾਬ ਲੈ ਕੇ ਉਹ ਤਜਰਬਾ ਹਾਸਲ ਕਰਨਾ ਚਾਹੁੰਦਾ ਹੈ, ਹਰ ਇਕ ਗਲ ਦੀ ਤਹਿ ਤਕ ਪਹੁੰਚ ਜਾਂਦਾ ਹੈ। ਗੁੱਸੇ, ਗਿਲੇ, ਝਿੜਕਾਂ, ਨਿਰਾਦਰ, ਠੋਕਰਾਂ, ਪਿਆਰ, ਲਾਡ, ਸਤਿਕਾਰ ਸਭ ਕੁਝ ਸਮਝਦਾ ਹੈ। ਆਪਣੇ ਆਲੇ ਦੁਆਲੇ ਨੂੰ ਇਕ ਬੜੇ ਵੱਡੇ ਫ਼ਿਲਾਸਫ਼ਰ ਵਾਂਗ ਗਹੁ ਨਾਲ ਦੇਖਦਾ ਹੈ, ਆਪਣੀਆਂ ਪੁਛਾਂ ਰਾਹੀਂ ਹਰ ਇਕ ਚੀਜ਼ ਦਾ ਗਿਆਨ ਹਾਸਲ ਕਰਨਾ ਚਾਹੁੰਦਾ ਹੈ।

ਤਿੰਨਾਂ ਵਰ੍ਹਿਆਂ ਦਾ, ਹੋ ਕੇ ਬਿਨਾਂ ਮਾਪਿਆਂ ਦੇ ਸਾਥ ਦੇ ਆਪਣੇ ਸਾਥੀਆਂ ਨਾਲ ਖੇਡ ਆਉਂਦਾ ਹੈ, ਵਡਿਆਂ ਦੇ ਸਾਥ ਨਾਲੋਂ ਬਚਿਆਂ ਦਾ ਸਾਥ ਉਸ ਨੂੰ ਜ਼ਿਆਦਾ ਭਾਉਂਦਾ ਹੈ, ਹਜ਼ਾਰ ਕੁ ਲਫ਼ਜ਼ ਹੇਰਾ ਫੇਰੀ ਨਾਲ ਵਰਤ ਸਕਦਾ ਹੈ, ਕਈ ਗੁੰਝਲਦਾਰ ਤੇ ਔਖੀਆਂ ਖੇਡਾਂ ਖੇਡ ਸਕਦਾ ਹੈ, ਆਪੇ ਖਾ ਪੀ ਸਕਦਾ ਹੈ, ਨਹੌਣ ਧੋਣ ਵਿਚ ਕਾਫ਼ੀ ਮਦਦ ਕਰ ਸਕਦਾ ਹੈ, ਕਪੜੇ ਲਾਹੁਣ ਪਾਣ ਦਾ ਆਪ ਸ਼ੌਕੀਨ ਹੈ, ਬਟਣ ਆਪ ਬੰਦ ਕਰਦਾ ਹੈ, ਤਸਮੇ ਆਪ ਬੰਨ੍ਹਦਾ ਹੈ, ਫੁਲਾਂ ਨੂੰ ਪਾਣੀ ਪਾਂਦਾ ਹੈ, ਸੁਨੇਹੇ ਲੈ ਜਾਂਦਾ ਹੈ ਤੇ ਕੰਮ ਕਰ ਆਉਂਦਾ ਹੈ, ਆਪਣਾ ਤੌਲੀਆ ਰੁਮਾਲ ਆਪ ਧੋ ਸਕਦਾ ਹੈ, ਆਪਣੇ ਕਪੜੇ ਆਪਣੀਆਂ ਕਿਲੀਆਂ ਤੇ ਆਪ ਟੰਗਦਾ ਹੈ, ਆਪਣੀਆਂ ਚੀਜ਼ਾਂ ਆਪ ਸੰਭਾਲਦਾ ਤੇ ਥਾਉਂ ਥਾਈਂ ਰਖਦਾ ਹੈ, ਕਹਾਣੀਆਂ ਲੰਮੀਆਂ ਕਰ ਕੇ ਸੁਣਾਉਂਦਾ ਹੈ।

ਚਾਰ ਸਾਲਾਂ ਦਾ ਬੱਚਾ ਸੋਹਣੀ ਸ਼ਖ਼ਸ਼ੀਅਤ ਵਾਲਾ, ਸੋਹਣੀ ਸੇਹਤ ਵਾਲਾ, ਚਮਕਦਾ ਚੇਹਰਾ, ਸਮਝਦਾਰ ਤਕਣੀ, ਸੁਚੱਜੀਆਂ ਗੱਲਾਂ, ਫੁਟ ਫੁਟ ਪੈਂਦਾ ਫੁਰਤੀਲਾ-ਪਨ, ਉਹ ਹੁਣ ਆਪਣੀ ਬੋਲੀ ਨੂੰ ਚੰਗੀ ਤਰ੍ਹਾਂ ਬੋਲ ਸਕਦਾ ਹੈ, ਆਪਣੀ ਮਾਦਰੀ ਭਾਸ਼ਾ ਦੀ ਗਰਾਮਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਚੁੱਕਾ ਹੈ, ਉਸ ਨੂੰ ਇਸ ਵਕਤ ਤਕ ਤਿੰਨ ਚਾਰ ਹਜ਼ਾਰ ਬਲਕਿ ਜ਼ਿਆਦਾ ਲਫਜ਼ ਆਉਂਦੇ ਹਨ। ਉਹ ਆਲੇ ਦੁਆਲੇ ਵਿਚ,

੧੨੫