ਪੰਨਾ:ਜ਼ਿੰਦਗੀ ਦੇ ਰਾਹ ਤੇ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਇਕ ਮੁਸੀਬਤ ਹੈ, ਪਰ ਉਸ ਨੇ ਇਕ ਨਵੀਂ ਜਾਂਚ ਸਿਖੀ ਹੈ। ਤੁਸੀਂ ਕਿਉਂ ਰੋਕਦੇ ਹੋ? ਆਪਣੇ ਆਰਾਮ ਤੇ ਆਪਣੀ ਸਹੂਲਤ ਲਈ! ਆਪਣੀ ਮੁਸੀਬਤ ਘਟਾਣ ਲਈ! ਬੱਚੇ ਨੂੰ ਤੁਹਾਡੇ ਆਰਾਮ ਤੇ ਤੁਹਾਡੀ ਤਕਲੀਫ ਦੀ ਕੋਈ ਸਮਝ ਨਹੀਂ, ਪਰ ਤੁਸੀਂ ਉਸ ਦੇ ਚਾਅ ਨੂੰ, ਉਸ ਦੀ ਖ਼ੁਸ਼ੀ ਨੂੰ ਸਮਝਦਿਆਂ ਹੋਇਆਂ ਕਿਉਂ ਉਸ ਦੇ ਮਾਸੂਮ ਦਿਲ ਤੇ ਚੋਟ ਲਗਾਂਦੇ ਹੋ।

ਰੋਕਿਆਂ ਉਸ ਨਹੀਂ ਰੁਕਣਾ, ਮਨ੍ਹਾਂ ਕਰਿਆਂ ਉਹ ਆਖੇ ਨਹੀਂ ਲਗੇਗਾ ਸਗੋਂ ਮੁੜ ਮੁੜ ਕਰੇਗਾ, ਰੋਜ਼ ਕਰੇਗਾ, ਦਿਹਾੜੀ ਵਿਚ ਕਿੰਨੀ ਵਾਰੀ ਕਰੇਗਾ, ਤੁਹਾਡੀ ਮੁਸੀਬਤ ਵਧਾਏਗਾ। ਕੁਝ ਦਿਨਾਂ ਬਾਅਦ ਉਸ ਦੀ ਦਿਲਚਸਪੀ ਆਪੇ ਘਟ ਜਾਇਗੀ, ਉਹ ਕੋਈ ਹੋਰ ਨਵਾਂ ਆਹਰ ਲਭ ਲਏਗਾ, ਕਿਸੇ ਨਵੇਂ ਤਜਰਬੇ ਦੇ ਪਿਛੇ ਲਗ ਪਏਗਾ। ਤੁਸੀਂ ਸਗੋਂ ਉਸ ਦੇ ਨਾਲ ਖੇਡੋ, ਉਸ ਨੂੰ ਖੇਡਣ ਲਈ ਸਾਫ਼ ਮੋਟੀ ਰੇਤ ਮੰਗਾ ਦਿਓ, ਜਿਸ ਨਾਲ ਕਪੜੇ ਵੀ ਘਟ ਲਿਬੜੇ ਜਾਣਗੇ ਤੇ ਗੰਦੀ ਮਿੱਟੀ ਦੇ ਕਿਰਮਾਂ ਤੋਂ ਵੀ ਬੱਚਾ ਬਚ ਜਾਇਗਾ।

ਮਿੱਟੀ ਨਾਲ ਖੇਡਦਾ ਤੁਹਾਡਾ ਬੱਚਾ ਕਦੇ ਮਿੱਟੀ ਮੂੰਹ ਵਿਚ ਵੀ ਪਾ ਲੈਂਦਾ ਹੈ। ਤੁਸੀਂ ਦੇਖਕੇ ਤ੍ਰਹਿ ਨਾ ਜਾਓ, ਨਾ ਬੱਚੇ ਨੂੰ 'ਖਾਣ' ਨੂੰ ਪਵੋ, ਝਿੜਕੋ ਮਾਰੋ ਵੀ ਨਾਂ। ਦੇਖ ਕੇ ਅਨਡਿਠ ਕਰ ਛਡੋ, ਪਿਛੋਂ ਮੂੰਹ ਸਾਫ਼ ਕਰ ਦਿਓ। ਬੱਚਾ ਹਰ ਇਕ ਚੀਜ਼ ਮੂੰਹ ਵਿਚ ਪਾ ਕੇ ਦੇਖਣਾ ਚਾਹੁੰਦਾ ਹੈ ਇਹ ਭੀ ਉਸ ਦੀ ਖੋਜ ਤੇ ਤਜਰਬੇ ਦੀ ਖ਼ਾਹਿਸ਼ ਹੈ। ਇਕ ਦੋ ਵਾਰੀ ਮਿੱਟੀ ਚਖ ਕੇ ਜਾਂ ਖਾ ਕੇ ਬੱਚਾ ਆਪੇ ਹੀ ਛੱਡ ਦਏਗਾ। ਜੇ ਨਹੀਂ ਛਡਦਾ, ਜਾਂ ਉਸ ਨੂੰ ਆਦਤ ਹੀ ਪੈ ਜਾਂਦੀ ਹੈ ਤਾਂ ਤੁਸੀਂ ਹੋਰ ਤਰ੍ਹਾਂ ਤਵੱਜੋ ਦਿਓ, ਖੋਜ ਕਰੋ ਕਿ ਤੁਹਾਡਾ ਬੱਚਾ ਕਿਉਂ ਮਿੱਟੀ ਖਾਂਦਾ ਹੈ, ਕੀ ਉਹ ਕੁਝ ਚੀਜ਼ ਮੂੰਹ ਵਿਚ ਪਾ ਕੇ ਚੂਸਣਾ ਚਾਹੁੰਦਾ ਹੈ? ਉਸ ਦੀ

੧੨੪