ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਕੈਦੋਂ ਫ਼ਕੀਰ ਦੇ ਭੇਖ ਵਿਚ ਬੇਲੇ ਵਿਚ ਪੁੱਜਿਆ। ਰਾਂਝਾ ਚੂਰੀ ਖਾਂਦਾ ਪਿਆ ਸੀ ਤੇ ਹੀਰ ਪਸ਼ੂਆਂ ਦਾ ਮੋੜਾ ਲਾਉਣ ਗਈ ਹੋਈ ਸੀ। ਕੈਦੋਂ ਰਾਂਝੇ ਪਾਸ ਪੁੱਜਾ ਤੇ ਲੱਗਾ ਚੂਰੀ ਲਈ ਲੇਲ੍ਹੜੀਆਂ ਕੱਢਣ। ਰਾਂਝੇ ਨੂੰ ਫ਼ਕੀਰ ’ਤੇ ਦਿਆ ਆ ਗਈ। ਉਹਨੇ ਇਕ ਲੱਪ ਚੂਰੀ ਦੀ ਫ਼ਕੀਰ ਦੀ ਚਿੱਪੀ ਵਿਚ ਪਾ ਦਿੱਤੀ। ਕੈਦੋਂ ਤੇਜ਼ ਤੇਜ਼ ਕਦਮੀਂ ਓਥੋਂ ਖਿਸਕ ਗਿਆ। ਹੀਰ ਮੋੜਾ ਲਾ ਕੇ ਵਾਪਸ ਆਈ ਉਹਨੂੰ ਜਦੋਂ ਫ਼ਕੀਰ ਦੇ ਚੂਰੀ ਲਿਜਾਣ ਦਾ ਪਤਾ ਲੱਗਾ, ਉਹ ਉਸੇ ਵੇਲੇ ਫ਼ਕੀਰ ਦੇ ਮਗਰ ਨੱਸ ਤੁਰੀ।ਉਸ ਨੱਸੇ ਜਾਂਦੇ ਕੈਦੋ ਨੂੰ ਜਾ ਫੜਿਆ ਤੇ ਲੱਗੀ ਮੁੱਕੀਆਂ ਘਸੁੰਨਾਂ ਨਾਲ਼ ਉਹਦੀ ਮੁਰੰਮਤ ਕਰਨ। ਚਿੱਪੀ ਫੁਟ ਕੇ ਚੂਰੀ ਧਰਤੀ ਤੇ ਖਿੱਲਰ ਗਈ। ਮਿੰਨਤਾਂ ਤਰਲੇ ਕਰਕੇ ਕੈਦੋ ਨੇ ਹੀਰ ਪਾਸੋਂ ਆਪਣੀ ਜਾਨ ਛੁਡਾ ਲਈ। ਹੀਰ ਵਾਪਸ ਰਾਂਝੇ ਕੋਲ ਪਰਤ ਆਈ ਤੇ ਕੈਦੋ ਨੇ ਮਗਰੋਂ ਮਿੱਟੀ ਵਿਚ ਰਲੇ ਹੋਏ ਚੂਰੀ ਦੇ ਭੋਰੇ ਕੱਠੇ ਕਰ ਲਏ ਤੇ ਪਿੰਡ ਆ ਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ, "ਇਹ ਹੈ ਤੇਰੀ ਲਾਡਲੀ ਦੀ ਕਰਤੂਤ।ਉਹ ਰੋਜ਼ ਧਗੜੇ ਨੂੰ ਚੂਰੀ ਲਜਾ ਕੇ ਖਲਾਉਂਦੀ ਏ।ਉਹਨੇ ਤਾਂ ਸਾਡੇ ਖ਼ਾਨਦਾਨ ਦਾ ਨੱਕ ਵੱਢ ਕੇ ਰੱਖ ਦਿੱਤੈ।"
ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।
ਉਨ੍ਹਾਂ ਰਾਂਝੇ ਨੂੰ ਚਾਕਰੀਓ ਜਵਾਬ ਦੇ ਦਿੱਤਾ। ਰਾਂਝਾ ਮਸੀਤੇ ਜਾ ਸੁੱਤਾ। ਪਰ ਦੂਜੀ ਭਲਕ ਮੱਝਾਂ ਗਾਈਆਂ ਨੇ ਬਿਨਾਂ ਰਾਂਝੇ ਤੋਂ ਇਕ ਵੀ ਕਦਮ ਪੁਟਣੋਂ ਇਨਕਾਰ ਕਰ ਦਿੱਤਾ। ਹਾਰ ਕੇ ਉਹ ਰਾਂਝੇ ਨੂੰ ਪੁਚਕਾਰ ਕੇ ਮੋੜ ਲਿਆਏ। ਰਾਂਝੇ ਵੰਝਲੀ ਵਿਚ ਫੂਕ ਮਾਰੀ, ਵਗ ਉਹਦੇ ਅੱਗੇ ਅੱਗੇ ਬੇਲੇ ਨੂੰ ਤੁਰ ਪਿਆ।
ਹੀਰ ਦਾ ਬੇਲੇ ਵਿਚ ਜਾਣਾ ਬੰਦ ਹੋ ਗਿਆ। ਹੁਣ ਉਹ ਚੋਰੀ ਛਿਪੇ ਮਿਲਦੇ। ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛੱਡ ਦੇਵੇ। ਪਰ ਹੀਰ ਨੇ ਉਹਦੀ ਇਕ ਨਾ ਮੰਨੀ।ਉਹ ਆਪਣੇ ਰਾਂਝਣ ਦੀ ਸੁਖ ਭਾਲਦੀ ਪਈ ਸੀ। ਉਹਨੂੰ ਸਾਰੇ ਜੱਗ ਦੀ ਪਰਵਾਹ ਨਹੀਂ ਸੀ।
ਹੀਰ ਦੇ ਮਾਪਿਆਂ ਨੇ ਹੀਰ ਰਾਂਝੇ ਦੇ ਪਿਆਰ ਨੂੰ ਪਰਵਾਨ ਨਾ ਕੀਤਾ। ਰੰਗਪੁਰ ਖੇੜੇ ਦੇ ਚੌਧਰੀ ਅੱਜੂ ਦੇ ਪੁੱਤਰ ਸੈਦੇ ਨਾਲ਼ ਹੀਰ ਦਾ ਨਿਕਾਹ ਨਿਯਤ ਹੋ ਗਿਆ। ਰੰਗਪੁਰੋਂ ਜੰਜ ਬੜੇ ਵਾਜਿਆਂ-ਗਾਜਿਆਂ ਨਾਲ ਢੁੱਕੀ। ਸਾਰੇ ਪਿੰਡ ਵਿਚ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਬੁਲਬਲਾਂ ਵਰਗੀਆਂ ਘੋੜੀਆਂ 'ਤੇ ਜਾਨੀ ਸਜੇ ਬੈਠੇ ਸਨ। ਰਾਂਝਾ ਮੱਝਾਂ ਦੇ ਸਿੰਙਾਂ ਨੂੰ ਫੜੀਂ ਭੁੱਬੀਂ-ਭੁੱਬੀਂ ਰੋ ਰਿਹਾ ਸੀ। ਹੀਰ ਆਪਣੇ ਘਰ ਤੜਪ ਰਹੀ ਸੀ।

ਹੀਰ ਦਾ ਜ਼ੋਰੀਂ ਸੈਦੇ ਖੇੜੇ ਨਾਲ਼ ਨਿਕਾਹ ਪੜਾ ਦਿੱਤਾ ਗਿਆ। ਰਾਂਝਾ ਤੜਪਦਾ ਰਿਹਾ, ਹੀਰ ਕੁਰਲਾਉਂਦੀ ਰਹੀ- ਉਨ੍ਹਾਂ ਦੀ ਕਿਸੇ ਇਕ ਨਾ ਸੁਣੀ। ਰਾਤ ਸਮੇਂ ਰਾਂਝਾ ਚੋਰੀ ਹੀਰ ਦੀਆਂ ਸਹੇਲੀਆਂ ਨਾਲ਼ ਹੀਰ ਪਾਸ ਪੁੱਜਾ। ਦੋਨੋਂ ਹੰਝੂ ਕੇਰਦੇ

ਪੰਜਾਬੀ ਲੋਕ ਗਾਥਾਵਾਂ/ 99