ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਬੜਾ ਦਾਨੀ ਸੀ। ਕਿਸੇ ਗੱਲ ਦੀ ਉਹਦੇ ਘਰ ਤੋਟ ਨਹੀਂ ਸੀ। ਜੇ ਤੋਟ ਸੀ ਤਾਂ ਇਕ ਔਲਾਦ ਦੀ। ਰਾਣੀ ਦੀ ਸੱਖਣੀ ਗੋਦ ਉਹਦੀ ਸਾਰੀ ਪਰਜਾ ਲਈ ਉਦਾਸੀ ਦਾ ਕਾਰਨ ਬਣੀ ਹੋਈ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ, ਸੈਆਂ ਮੰਨਤਾਂ ਮੰਨੀਆਂ ਤੇ ਪੁੰਨ ਦਾਨ ਕੀਤੇ। ਰੱਬ ਤੁਰੱਠਿਆ। ਰਾਣੀ ਦੀ ਗੋਦ ਹਰੀ ਹੋ ਗਈ। ਉਹਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਸਾਰੀ ਪਰਜਾ ਨੇ ਖ਼ੁਸ਼ੀਆਂ ਮਨਾਈਆਂ। ਭੰਬੋਰ ਸ਼ਹਿਰ ਜਗਮਗਾ ਉੱਠਿਆ। ਸਾਰੇ ਦੇ ਸਾਰੇ ਅਸਮਾਨੀ ਤਾਰੇ ਧਰਤ 'ਤੇ ਉਤਰ ਆਏ।
ਬਾਦਸ਼ਾਹ ਨੇ ਨੰਨ੍ਹੀ ਬਾਲੜੀ ਦੀ ਕਿਸਮਤ ਜਾਨਣ ਲਈ ਨਜੂਮੀ ਸੱਦ ਲਏ। ਉਨ੍ਹਾਂ ਆਪਣੀ ਜੋਤਿਸ਼ ਵਿਦਿਆ ਦੀ ਅੱਖ ਖੋਲ੍ਹੀ... ਤਾਰਿਆਂ ਜੜੀ ਰਾਤ 'ਤੇ ਕਿਸੇ ਕਾਲਖ਼ ਧੂੜ ਦਿੱਤੀ।
ਨਜੂਮੀਆਂ ਦੱਸਿਆ, "ਹੇ ਬਾਦਸ਼ਾਹ ਸਲਾਮਤ ਇਹ ਲੜਕੀ ਤੁਹਾਡੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ। ਜਦੋਂ ਬਾਲੜੀ ਮੁਟਿਆਰ ਹੋ ਜਾਵੇਗੀ ਤਦ ਇਹਦਾ ਪਿਆਰ ਇਕ ਵਿਦੇਸ਼ੀ ਗੱਭਰੂ ਨਾਲ਼ ਪੈ ਜਾਵੇਗਾ ਤੇ ਇਹ ਉਹਦੇ ਪਿੱਛੇ ਥਲਾਂ ਵਿਚ ਰੁਲ਼ ਮੋਏਗੀ।"
ਇਹ ਸੁਣ ਕੇ ਰਾਜੇ ਦਾ ਕੇਸੂ ਦੇ ਫੁੱਲ ਵਾਂਗ ਟਹਿਕਦਾ ਮੁਖੜਾਂ ਕੁਮਲਾ ਗਿਆ।
"ਇਹ ਮੇਰੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ, ਕਿਉਂ ਨਾ ਇਹਨੂੰ ਹੁਣੇ ਹੀ ਬਿਲੇ ਲਾ ਦਿੱਤਾ ਜਾਵੇ, "ਰਾਜੇ ਸੋਚਿਆ। ਅਮੀਰਾਂ ਵਜ਼ੀਰਾਂ ਹਾਂ ਵਿਚ ਹਾਂ ਮਿਲਾ ਦਿੱਤੀ।
ਰਾਜੇ ਨੇ ਬੇਟੀ ਨੂੰ ਮਰਵਾਉਣਾ ਚਾਹਿਆ, ਪਰੰਤੂ ਉਹਦੀ ਮਮਤਾ ਜਾਗ ਪਈ। ਉਹ ਆਪਣੇ ਦਿਲ ਦੇ ਟੁਕੜੇ ਨੂੰ ਕਿਵੇਂ ਮਰਵਾਂਦਾ। ਆਹ! ਉਹਨੇ ਇਕ ਅਤਿ ਸੁੰਦਰ ਸੰਦੁਕ ਬਣਵਾਇਆ ਤੇ ਨਿੱਕੀ ਜਿਹੀ ਜਿੰਦ ਉਸ ਵਿਚ ਬੰਦ ਕਰਕੇ ਠਾਠਾਂ ਮਾਰਦੇ ਸਿੰਧ ਦਰਿਆ ਵਿਚ ਰੋੜ੍ਹ ਦਿੱਤੀ।
ਮਲੂਕ ਜਿੰਦ ਦੀ ਅਮੜੀ ਤੜਪਦੀ ਰਹੀ, ਬਾਦਸ਼ਾਹ ਹੰਝੂ ਕੇਰਦਾ ਰਿਹਾ। ਸੰਦੂਕ ਬਿਨਾਂ ਚੁਪੂੱਓਂ ਤੇ ਮਲਾਹੋਂ ਬੇੜੀ ਵਾਂਗ ਦਰਿਆ ਦੀਆਂ ਖੌਰੂ ਪਾਉਂਦੀਆਂ ਲਹਿਰਾਂ 'ਤੇ ਤੈਰਦਾ ਰਿਹਾ।
ਸ਼ਹਿਰੋਂ ਬਾਹਰ ਅੱਤਾ ਨਾਂ ਦਾ ਧੋਬੀ ਆਪਣੀ ਧੋਬਣ ਸਮੇਤ ਇਸੇ ਦਰਿਆ 'ਤੇ ਕੱਪੜੇ ਧੋ ਰਿਹਾ ਸੀ। ਉਹਦੀ ਨਜ਼ਰ ਸੂਰਜ ਵਿਚ ਚਮਕਦੇ ਰੁੜ੍ਹੇ ਆਉਂਦੇ ਸੰਦੂਕ 'ਤੇ ਜਾ ਪਈ। ਉਹਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁੱਕਿਆ। ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖ਼ੁਸ਼ੀ ਦੇ ਰਲ਼ੇ-ਮਿਲ਼ੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜ੍ਹਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁੱਲਾਂ 'ਤੇ ਮੁਸਕਾਨ ਨੱਚੀ ਤੇ ਉਹਨੇ ਆਪਣੀ ਧੋਬਣ ਨੂੰ ਆਵਾਜ਼ ਮਾਰੀ, "ਨੱਸ ਕੇ ਆਈਂ ਉਰੇ। ਆਹ ਵੇਖ ਰੱਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ

ਪੰਜਾਬੀ ਲੋਕ ਗਾਥਾਵਾਂ 107