ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ।
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ
ਹੋਈ ਭੁੱਜ ਮਨੂਰ ਲੁਹਾਰ ਬੱਚੀ
ਬਣੇ ਘੜੀ ਦਾ ਜੁੱਗ ਚਾਰ ਹੈ ਜੀ
ਹੁੰਦੇ ਨਾਗ਼ ਮਲੂਮ ਨੇ ਪੂਣੀਆਂ ਦੇ
ਜਦੋਂ ਕੱਤਣ ਜਾਏ ਭੰਡਾਰ ਹੈ ਜੀ
ਪਾਇਆ ਭੱਠ ਕਸੀਦੇ ਦੋ ਕੱਢਣੇ ਨੂੰ
ਪੈਂਦੀ ਭੁੱਲ ਕੇ ਨਾ ਇਕ ਤਾਰ ਹੈ ਜੀ
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ
ਕਿਸੇ ਕੰਮ ਦੇ ਵਿਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਾਚਾਰ ਹੈ ਜੀ

(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਪੈ ਗਈ। ਉਨ੍ਹਾਂ ਨੇ ਉਨ੍ਹਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂੰਹ ਲਕੋਈ ਫਿਰਦੇ ਸਨ। ਉਨ੍ਹਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰੰਤੂ ਉਹ ਪਿਛਾਂਹ ਮੁੜਨ ਵਾਲ਼ੀ ਕਿੱਥੇ ਸੀ। ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖ਼ਰ ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿਚ ਰੱਖਣਾ ਸ਼ੁਰੂ ਕਰ ਦਿੱਤਾ।
ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ... ਓਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁੱਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖ਼ਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹ ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਵੀ ਨਾ ਪੁੱਟਦਾ। ਗੱਲ ਏਥੋਂ ਤਕ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰੰਤੂ ਉਹਦੀ ਮਾਂ ਅੜੀ ਰਹੀ... ਸਾਧਾਂ ਦਾ ਹੱਠ ਵੀ ਮਸ਼ਹੂਰ ਐ... ਰੋਡਾ ਉਨ੍ਹਾਂ ਦੇ ਦਰਾਂ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰੰਤੂ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿਚ ਨਿਘਰਦੀ ਜਾ ਰਹੀ ਸੀ। ਉਹਨੇ ਉਸ ਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਏ। ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰੰਤੁ ਰੋਡਾ ਤਾਂ ਉਹਦੇ ਦੀਦਾਰ ਲਈ ਤੜਪ ਰਿਹਾ ਸੀ:

ਪੰਜਾਬੀ ਲੋਕ ਗਾਥਾਵਾਂ/ 151