ਗੁਲਾਬ ਦੇ ਫੁਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ। ਸਾਰੀ ਰਾਤ ਜਲਾਲੀ ਰੋਡੇ ਵਿਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ਼ ਵਿਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗਲ ਬਾਹੀਂ ਪਾ ਲਈਆਂ।
"ਰੋਡਿਆ ਤੂੰ ਮੇਰੇ 'ਤੇ ਕੀ ਜਾਦੁ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ ਵਿਚ ਮਗਨ ਰਹੀ ਆਂ।" ਹੁਸਨ ਮਚਲਿਆ।
"ਹੁਸਨ ਪਰੀਏ! ਧੰਨੇ ਨੇ ਪੱਥਰ 'ਚੋਂ ਪਾ ਲਿਆ ਏ, ਅੱਜ ਮੇਰੀ ਭਗਤੀ ਪੂਰੀ ਹੋ ਗਈ ਏ। ਤੇਰੇ 'ਚ ਮੈਨੂੰ ਦਾਤਾਰ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ ਮੈਨੂੰ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ ਜਾਈਂ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿਚ ਨੇ।" ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।
"ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ, ਤੂੰ ਪੂਰਾ ਉਤਰੀਂ ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।"
"ਜਲਾਲੀਏ ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ? ਇਕੋ-ਇਕ ਦਿਲ ਸੀ ਮੇਰਾ ਉਹ ਤੂੰ ਖਸ ਲਿਆ ਏ। ਹੋਰ ਕੀ ਏ ਇਸ ਦੁਨੀਆਂ ਵਿਚ ਮੇਰੇ ਲਈ? ਬਸ ਤੂੰ ਹੀ ਏਂ। ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਤੇ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ। ਡਰ ਹੈ ਜਲਾਲੀਏ ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।"
"ਮੈਨੂੰ ਆਪਣੀ ਜਵਾਨੀ ਦੀ ਸੌਂਹ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ ਮਰ ਜਾਵਾਂਗੀ ਪਰ ਪਿਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਔਹ ਕੋਈ ਆਉਂਦਾ ਪਿਆ ਏ, ਆਹ ਸਾਂਭ ਲੈ ਮੇਰੀ ਨਿਸ਼ਾਨੀ....।"
ਹੁਣ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ 'ਤੇ ਸੀ।
ਜਲਾਲੀ ਹਰ ਰੋਜ਼ ਸੁਹਾਂ ਦੇ ਕੰਢੇ ਜਾ ਪੁੱਜਦੀ ਤੇ ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ:
ਉੱਤੇ ਨਦੀ ਦੇ ਜਾਇਕੇ ਰੋਜ਼ ਮਿਲਦੀ
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ
ਜਾਨ ਦੀ ਜੋ ਆਵਾਜ਼ਾਰ ਹੈ ਜੀ
ਪੰਜਾਬੀ ਲੋਕ ਗਾਥਾਵਾਂ/ 150