ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੋਕਲਾਂ ਦੇ ਭਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ... ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਭਖ-ਭਖ ਕਰਦਾ ਜੋਬਨ ਲਪਟਾਂ ਛੱਡ ਰਿਹਾ ਸੀ। ਕੋਕਲਾਂ ਦੇ ਧੌਲਰ ਐਨੇ ਸੁਰੱਖਿਅਤ ਸਨ ਕਿ ਉਥੇ ਚਿੜੀ ਤਕ ਨਹੀਂ ਸੀ ਫੜਕ ਸਕਦੀ। ਕੋਕਲਾਂ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ ਉਹ ਦੇ ਅੰਗ ਮਚਲ-ਮਚਲ ਜਾਂਦੇ ਸਨ... ਇਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ... ਕੋਕਲਾਂ ਕਿਸੇ ਨਾਲ਼ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ। ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿਚ ਬੈਠ ਕੇ ਰਸਾਲੂ ਨੂੰ ਉਡੀਕਦੀ।
ਇਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ-ਖੇਡਦਾ ਰਾਣੀ ਕੋਕਲਾਂ ਦੇ ਧੌਲਰ ਕੋਲ਼ ਆ ਗਿਆ... ਰਾਣੀ ਕੋਕਲਾਂ ਨੇ ਵੇਖਿਆ ਇਕ ਨੌਜਵਾਨ ਹੇਠਾਂ ਖੜੋਤਾ ਆਲ਼ੇ-ਦੁਆਲ਼ੇ ਵੇਖ ਰਿਹਾ ਹੈ... ਉਹ ਨੇ ਉਪਰੋਂ ਖੰਘੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ... ਬਾਰੀ ਵਿਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਖਾਈ ਦਿੱਤਾ... ਦੋਹਾਂ ਦੇ ਨੈਣ ਮਿਲ਼ੇ ... ਕੋਕਲਾਂ ਤਾਂ ਪਹਿਲਾਂ ਹੀ ਤੜਪਦੀ ਪਈ ਸੀ... ਹੋਡੀ ਉਹ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ... ਉਪਰ ਆਉਣ ਦਾ ਇਸ਼ਾਰਾ ਹੋਇਆ... ਮਹਿਲ ਦੇ ਦੁਆਰ 'ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਹੀ ਮਹਿਲ ਅੰਦਰ ਜਾਇਆ ਜਾ ਸਕਦਾ ਸੀ... ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ... ਧੌਲਰ ਉਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ। ਆਖਰ ਕੋਕਲਾਂ ਨੇ ਉਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ਼ ਸੱਦ ਲਿਆ... ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ... ਦੋਨੋਂ ਮਦਹੋਸ਼ੀ ਦੇ ਆਲਮ ਵਿਚ ਪੁੱਜ ਗਏ... ਕੋਕਲਾਂ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਤੁਰਨ ਲੱਗਿਆਂ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉਤਰ ਗਿਆ...ਤ੍ਰਿਪਤੀ ਦੇ ਅਹਿਸਾਸ 'ਚ ਖੀਵੀ ਹੋਈ ਕੋਕਲਾਂ ਬਾਰੀ ਵਿਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤਕ ਵੇਖਦੀ ਰਹੀ ਜਦੋਂ ਤਕ ਉਹ ਉਹਦੀਆਂ ਨਜ਼ਰਾਂ ਤੋਂ ਉਹਲੇ ਨਾ ਹੋ ਗਿਆ।
ਰਾਜਾ ਹੋਡੀ ਨੇ ਕੋਕਲਾਂ ਦੀ ਯਾਦ ਵਿਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲਕ ਉਸ ਦੇ ਧੌਲਰ ਨੂੰ ਆ ਸਿਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ-ਇਸ਼ਕ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉਪਰੋਂ ਕੁਮੰਦ ਸੁੱਟਦੀ ਤੇ ਹੋਡੀ ਉਪਰ ਚਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ... ਉਹ ਨੇ ਵੇਖਿਆ ਕੋਈ ਗੱਭਰੂ ਉਹਦੇ

ਪੰਜਾਬੀ ਲੋਕ ਗਾਥਾਵਾਂ/ 35